ਜੰਮੂ-ਕਸ਼ਮੀਰ ਦੇ ਸ਼ੋਪੀਆਂ ਤੇ ਪੁਲਵਾਮਾ ’ਚ ਮੁਕਾਬਲੇ ਦੌਰਾਨ 7 ਦਹਿਸ਼ਤਗਰਦ ਹਲਾਕ

132
Share

ਦਹਿਸ਼ਤਗਰਦਾਂ ਵੱਲੋਂ ਹਮਲੇ ’ਚ ਫ਼ੌਜੀ ਜਵਾਨ ਜ਼ਖ਼ਮੀ
ਸ੍ਰੀਨਗਰ, 9 ਅਪ੍ਰੈਲ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਸ਼ੋਪੀਆਂ ਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨਾਲ ਦੋ ਮੁਕਾਬਲਿਆਂ ਦੌਰਾਨ 7 ਦਹਿਸ਼ਤਗਰਦ ਹਲਾਕ ਹੋ ਗਏ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ’ਚ ਦਹਿਸ਼ਤੀ ਗੁੱਟ ਅੰਸਾਰ ਗਜ਼ਾਵਤਉਲ ਦਾ ਮੁਖੀ ਇਮਤਿਆਜ਼ ਅਹਿਮਦ ਸ਼ਾਹ ਵੀ ਸ਼ਾਮਲ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੋਪੀਆਂ ’ਚ ਅਪਰੇਸ਼ਨ ਦੌਰਾਨ 5 ਦਹਿਸ਼ਤਗਰਦ ਮਾਰੇ ਗਏ, ਜਦਕਿ ਦੋ ਹੋਰ ਦਹਿਸ਼ਤਗਰਦ ਪੁਲਵਾਮਾ ਦੇ ਤਰਾਲ ਇਲਾਕੇ ’ਚ ਪੈਂਦੇ ਨੌਬਗ ਇਲਾਕੇ ’ਚ ਹੋਏ ਮੁਕਾਬਲੇ ਦੌਰਾਨ ਮਾਰੇ ਗਏ। ਸ਼ੋਪੀਆਂ ’ਚ ਮੁਕਾਬਲਾ ਵੀਰਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ ਸੀ ਕਿ ਦਹਿਸ਼ਤਗਰਦ ਗੁੱਟ ਅੰਸਾਰ ਗਜ਼ਾਵਤਉਲ ਦਾ ਮੁਖੀ ਇਮਤਿਆਜ਼ ਅਹਿਮਦ ਇੱਕ ਮਸਜਿਦ ਅੰਦਰ ਸੁਰੱਖਿਆ ਬਲਾਂ ਦੇ ਘੇਰੇ ’ਚ ਫਸ ਗਿਆ ਹੈ।
ਇਸੇ ਦੌਰਾਨ ਪੁਲਿਸ ਨੇ ਦੱਸਿਆ ਕਿ ਇੱਕ ਘਟਨਾ ਦੌਰਾਨ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਅੱਜ ਦਹਿਸ਼ਤਗਰਦਾਂ ਨੇ ਫ਼ੌਜ ਦੇ ਇੱਕ ਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਿਸ ਮੁਤਾਬਕ ਉਕਤ ਜਵਾਨ ਛੁੱਟੀ ’ਤੇ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਦਹਿਸ਼ਤਗਰਦਾਂ ਵੱਲੋਂ ਫ਼ੌਜੀ ਜਵਾਨ ਨੂੰ ਬਿਜੈਬੇਹਾੜਾ ਇਲਾਕੇ ਦੇ ਗੋਰੀਵਨ ’ਚ ਉਸ ਦੀ ਰਿਹਾਇਸ਼ ਦੇ ਬਾਹਰ ਗੋਲੀ ਮਾਰੀ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

Share