ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਭੁਲੱਥ ਦਾ ਜਵਾਨ ਸ਼ਹੀਦ

238
Share

ਭੁਲੱਥ, 12 ਅਕਤੂਬਰ (ਅਜੈ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਜੰਮੂ ਕਸ਼ਮੀਰ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਨਾਇਕ ਸੂਬੇਦਾਰ ਜਸਵਿੰਦਰ ਸਿੰਘ ਉਮਰ (39) ਸਾਲ ਪੁੱਤਰ ਹਰਭਜਨ ਸਿੰਘ ਪਿੰਡ ਮਾਨਾਂ ਤਲਵੰਡੀ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ, ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਜਵਾਨ, ਘਰ ਵਿਚ ਦੋ ਭਰਾ ਹਨ, ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਵੀ ਫੌਜ ਵਿਚੋਂ ਬਤੌਰ ਕੈਪਟਨ ਰਿਟਾਇਰ ਹੋਏ ਸਨ। ਵੱਡੇ ਭਰਾ ਰਜਿੰਦਰ ਸਿੰਘ ਵੀ ਸਾਬਕਾ ਫੌਜੀ ਹਨ। ਨਾਇਕ ਸੂਬੇਦਾਰ ਜਸਵਿੰਦਰ ਸਿੰਘ ਸ਼ਾਦੀ-ਸ਼ੁਦਾ ਹੈ। ਉਸਦੀ ਪਤਨੀ ਸੁਖਪ੍ਰੀਤ ਕੌਰ ਅਤੇ ਉਹ ਦੋ ਬੱਚਿਆਂ ਜਿਨ੍ਹਾਂ ’ਚ ਇੱਕ ਬੇਟਾ, ਇੱਕ ਬੇਟੀ ਹੈ, ਦਾ ਬਾਪ ਸੀ ਅਤੇ ਉਸ ਦੀ ਮਾਤਾ ਮਨਜੀਤ ਕੌਰ ਵੀ ਸ਼ਹੀਦ ਜਸਵਿੰਦਰ ਸਿੰਘ ਦੇ ਨਾਲ ਹੀ ਰਹਿੰਦੇ ਹਨ। ਇਸ ਪਰਿਵਾਰ ਦਾ ਪਿੰਡ ਵਿਚ ਬਹੁਤ ਹੀ ਚੰਗਾ ਮੇਲ-ਮਿਲਾਪ ਹੈ ਅਤੇ ਖੇਤੀ ਦਾ ਧੰਦਾ ਸਾਧਾਰਨ ਹੋਣ ਕਰਕੇ ਅਤੇ ਪਿਤਾ ਦੇ ਫੌਜੀ ਹੋਣ ਕਰਕੇ ਜਸਵਿੰਦਰ ਵੀ ਫੌਜ ਵਿਚ ਭਰਤੀ ਹੋ ਗਿਆ ਸੀ। ਪਿੰਡ ਵਾਸੀਆਂ ਅਨੁਸਾਰ ਉਹ ਬਹੁਤ ਹੀ ਸਾਉ ਸੁਭਾਅ ਵਾਲਾ ਵਿਅਕਤੀ ਸੀ ਅਤੇ ਬਹੁਤ ਮਿਲਣਸਾਰ ਸੀ। ਇਸ ਪਰਿਵਾਰ ਅੰਦਰ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਅਤੇ ਪਿੰਡ ਫੇਰੀ ਦੌਰਾਨ ਉਹ ਅਕਸਰ ਆਪਣੇ ਦੇਸ਼ ਦੀ ਸੇਵਾ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਉਸਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਪਿੰਡ ਤੋਂ ਇਲਾਵਾ ਭੁਲੱਥ ਇਲਾਕੇ ’ਚ ਸ਼ੋਕ ਦੀ ਲਹਿਰ ਦੌੜ ਗਈ।

Share