ਜੰਮੂ ਕਸ਼ਮੀਰ ਅਤੇ ਅੰਮ੍ਰਿਤਸਰ ‘ਚ ਕੋਰੋਨਾਵਾਇਰਸ ਦੀ ਦਸਤਕ ਨਾਲ ਲੋਕਾਂ ‘ਚ ਸਹਿਮ

718
Share

ਅੰਮ੍ਰਿਤਸਰ/ਜੰਮੂ, 8 ਮਾਰਚ (ਪੰਜਾਬ ਮੇਲ)- ਜੰਮੂ ਕਸ਼ਮੀਰ ਅਤੇ ਅੰਮ੍ਰਿਤਸਰ ‘ਚ ਕੋਰੋਨਾਵਾਇਰਸ ਦੀ ਦਸਤਕ ਨਾਲ ਲੋਕਾਂ ‘ਚ ਸਹਿਮ ਹੈ। ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਅਤੇ ਲੱਦਾਖ ‘ਚ ਵੀ ਕੋਰੋਨਾਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਰਾਨ ਤੇ ਦੱਖਣ ਕੋਰੀਆ ਤੋਂ ਆਏ ਚਾਰ ਲੋਕਾਂ ਵਿਚ ਕਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਪੀੜਤਾਂ ਵਿਚ ਇੱਕ ਔਰਤ ਹੈ। ਇਹ ਸਾਰੇ ਮਰੀਜ਼ 26 ਫਰਵਰੀ ਤੇ 4 ਮਾਰਚ ਨੂੰ ਇਰਾਨ ਤੇ ਦੱਖਣ ਕੋਰੀਆ ਤੋਂ ਜੰਮੂ ਕਸ਼ਮੀਰ ਤੇ ਲੱਦਾਖ ਪੁੱਜੇ ਸਨ।
ਇਸ ਦੌਰਾਨ ਅੰਮ੍ਰਿਤਸਰ ਵਿਚ ਕੋਰੋਨਾਵਾਇਰਸ ਨਾਲ ਪੀੜਤ ਦੋ ਮਰੀਜ਼ਾਂ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠਲੇ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਇਹ ਦੋਵੇਂ ਹੁਸ਼ਿਆਰਪੁਰ ਨਾਲ ਸਬੰਧਤ ਹਨ ਅਤੇ ਇਟਲੀ ਤੋਂ ਮੁੜੇ ਹਨ। ਦਿੱਲੀ ਤੋਂ ਹਵਾਈ ਮਾਰਗ ਰਾਹੀਂ ਅੰਮ੍ਰਿਤਸਰ ਆਉਣ ‘ਤੇ ਇਨ੍ਹਾਂ ਦੀ ਇੱਥੇ ਸਿਹਤ ਵਿਭਾਗ ਵੱਲੋਂ ਜਾਂਚ ਮਗਰੋਂ ਹਸਪਤਾਲ ਭੇਜਿਆ ਗਿਆ। ਜਾਣਕਾਰੀ ਮੁਤਾਬਕ ਕੋਰੋਨਾਵਾਇਰਸ ਨਾਲ ਪੀੜਤ ਹੋਣ ਸਬੰਧੀ ਦੋਵਾਂ ਬਾਰੇ ਏਮਜ਼ ਦਿੱਲੀ ਵੱਲੋਂ ਪੁਸ਼ਟੀ ਕੀਤੀ ਜਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਜਾਂਚ ਵਾਸਤੇ ਨਮੂਨੇ ਪੂਨਾ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਮੁੜ ਪੁਸ਼ਟੀ ਲਈ ਭੇਜੇ ਗਏ ਹਨ। ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਆਖਿਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੌਰਾਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਮਨ ਸ਼ਰਮਾ ਨੇ ਦੱਸਿਆ ਕਿ ਹਸਪਤਾਲ ਵਿਚ ਬਣਾਏ ਗਏ ਵਿਸ਼ੇਸ਼ ਵਾਰਡ ਵਿਚ ਇੱਕ ਹੋਰ ਸ਼ੱਕੀ ਮਰੀਜ਼ ਦਾਖਲ ਕੀਤਾ ਗਿਆ ਹੈ, ਜੋ ਦੁਬਈ ਤੋਂ ਪਰਤਿਆ ਹੈ ਅਤੇ ਉਸ ਨੂੰ ਬੁਖ਼ਾਰ ਹੈ। ਦੱਸਣਯੋਗ ਹੈ ਕਿ ਭਾਰਤ ਵਿਚ ਕੋਰੋਨਾਵਾਇਰਸ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ 34 ਹੋ ਗਈ ਹੈ।


Share