ਜੋ ਬਾਇਡਨ ਬਣੇ ਅਮਰੀਕਾ ਦੇ ਰਾਸ਼ਰਪਤੀ ਤਾਂ ਭਾਰਤੀਆਂ ਨੂੰ ਹੋਣਗੇ ਫਾਇਦੇ

565
Share

ਵਾਸ਼ਿੰਗਟਨ, 16 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਨਵੰਬਰ ‘ਚ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀ ਚੋਣ ‘ਚ ਜੇਕਰ ਜੋ ਬਾਇਡਨ ਜਿੱਤਦੇ ਹਨ ਤਾਂ ਉਨ੍ਹਾਂ ਦਾ ਪ੍ਰਸ਼ਾਸਨ H-1B ਵੀਜ਼ਾ ਪ੍ਰਣਾਲੀ ‘ਚ ਸੁਧਾਰ ਕਰੇਗਾ ਤੇ ਗਰੀਨ ਕਾਰਡ ਲਈ ਕੰਟਰੀ ਕੋਟਾ ਹਟਾਉਣ ‘ਤੇ ਵੀ ਕੰਮ ਕਰੇਗਾ। ਬਾਇਡਨ ਦੀ ਚੋਣ ਮੁਹਿੰਮ ਦੀ ਟੀਮ ਨੇ ਸ਼ਨੀਵਾਰ ਇਹ ਗੱਲ ਆਖੀ ਹੈ। ਇਨ੍ਹਾਂ ਵਾਅਦਿਆਂ ਨੂੰ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ। H-1B ਵੀਜ਼ਾ ਇਕ ਗੈਰ-ਪਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਉਨ੍ਹਾਂ ਕਾਰੋਬਾਰਾਂ ‘ਚ ਰੁਜ਼ਗਾਰ ਦੀ ਇਜਾਜ਼ਤ ਦਿੰਦਾ ਹੈ, ਜਿੱਥੇ ਉੱਚ ਪੱਧਰੀ ਮਾਹਿਰਾਂ ਦੀ ਲੋੜ ਹੁੰਦੀ ਹੈ।

ਇਸ ‘ਤੇ ਨਿਰਭਰ ਕੰਪਨੀਆਂ ਹਰ ਸਾਲ ਚੀਨ ਤੇ ਭਾਰਤ ਵਰਗੇ ਮੁਲਕਾਂ ‘ਚੋਂ ਹਜ਼ਾਰਾਂ ਕਰਮਚਾਰੀਆਂ ਦੀਆਂ ਨਿਯੁਕਤੀਆਂ ਕਰਦੀਆਂ ਹਨ। ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ‘ਤੇ ਭਾਰਤੀ-ਅਮਰੀਕੀ ਭਾਈਚਾਰੇ ਲਈ ਜਾਰੀ ਮਹੱਤਵਪੂਰਨ ਨੀਤੀ ਦਸਤਾਵੇਜ਼ ‘ਚ ਬਾਇਡਨ ਜੇ ਚੋਣ ਮੁਹਿੰਮ ਦੀ ਟੀਮ ਨੇ ਪਰਿਵਾਰ-ਆਧਾਰਤ ਇਮੀਗ੍ਰੇਸ਼ਨ ਸਿਸਟਮ ਨੂੰ ਵੀ ਆਪਣਾ ਸਮਰਥਨ ਦੇਣ ‘ਤੇ ਜ਼ੋਰ ਦਿੱਤਾ।

 

ਇਸ ‘ਚ ਕਿਹਾ ਗਿਆ ਕਿ ਪ੍ਰਸ਼ਾਸਨ ਘਿਰਣਾ ਤੇ ਕੱਟੜਤਾ ਦੀਆਂ ਵਧਦੀਆਂ ਘਟਨਾਵਾਂ ਨੂੰ ਦੂਰ ਕਰਨ ਲਈ ਕਦਮ ਚੁੱਕੇਗਾ, ਧਾਰਮਿਕ ਸਥਾਨਾਂ ਦੀ ਸੁਰੱਖਿਆ ਲੋੜਾਂ ਦਾ ਹੱਲ ਕਰੇਗਾ, ਭਾਸ਼ਾ ਦੀਆਂ ਅੜਚਨਾਂ ਨੂੰ ਖਤਮ ਕਰੇਗਾ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਵਿਸ਼ੇਸ਼ ਤੌਰ ‘ਤੇ ਭਾਰਤੀ-ਅਮਰੀਕੀਆਂ ਲਈ ਨੀਤੀ ਦਸਤਾਵੇਜ਼ ਪੇਸ਼ ਕੀਤਾ।


Share