ਜੋਅ ਬਿਡੇਨ ਨੇ ਜਿੱਤੀਆਂ ਤਿੰਨ ਸੂਬਿਆਂ ਦੀਆਂ ਪ੍ਰਾਇਮਰੀ ਚੋਣਾਂ

715

ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)-ਅਮਰੀਕਾ ਵਿਚ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਬਣਨ ਦੇ ਹੋਰ ਨੇੜੇ ਪੁੱਜ ਗਏ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਮਿਸ਼ੀਗਨ ਸਮੇਤ ਤਿੰਨ ਸੂਬਿਆਂ ਦੀਆਂ ਪ੍ਰਾਇਮਰੀ ਚੋਣਾਂ ‘ਚ ਜਿੱਤ ਦਰਜ ਕੀਤੀ।
ਡੈਮੋਕ੍ਰੇਟਿਕ ਰਾਸ਼ਟਰਪਤੀ ਦੀ ਉਮੀਦਵਾਰੀ ਦੀ ਹੋੜ ਵਿਚ ਬਿਡੇਨ ਨੂੰ ਬਰਨੀ ਸੈਂਡਰਸ ਤੋਂ ਸਖ਼ਤ ਚੁਣੌਤੀ ਮਿਲ ਰਹੀ ਸੀ ਪਰ ਤਿੰਨ ਮਾਰਚ ਨੂੰ 14 ਰਾਜਾਂ ਦੀਆਂ ਪ੍ਰਾਇਮਰੀ ਚੋਣਾਂ ਵਿਚ ਬਿਡੇਨ ਨੇ ਸੈਂਡਰਸ ‘ਤੇ ਬੜ੍ਹਤ ਬਣਾਈ ਸੀ। ਮੰਗਲਵਾਰ ਨੂੰ ਮਿਸ਼ੀਗਨ, ਮਿਸੀਸਿਪੀ ਅਤੇ ਮਿਸੌਰੀ ਵਿਚ ਹੋਈਆਂ ਪ੍ਰਾਇਮਰੀ ਚੋਣਾਂ ਵਿਚ ਜਿੱਤ ਤੋਂ ਬਾਅਦ 77 ਸਾਲਾ ਬਿਡੇਨ ਦਾ ਸਮਰਥਨ ਕਰਨ ਵਾਲੇ ਡੈਲੀਗੇਟਸ ਦੀ ਗਿਣਤੀ ਵੱਧ ਕੇ 788 ਹੋ ਗਈ ਜਦਕਿ 78 ਸਾਲਾ ਸੈਂਡਰਸ ਨੂੰ ਹੁਣ ਤਕ 633 ਡੈਲੀਗੇਟਸ ਦਾ ਸਮਰਥਨ ਮਿਲਿਆ ਹੈ। ਡੈਮੋਕ੍ਰੇਟਿਕ ਪਾਰਟੀ ਵਿਚ ਕੁਲ 3979 ਡੈਲੀਗੇਟਸ ਹਨ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਲਈ 1991 ਡੈਲੀਗੇਟਸ ਦਾ ਸਮਰਥਨ ਹਾਸਲ ਕਰਨਾ ਜ਼ਰੂਰੀ ਹੈ। ਅਮਰੀਕਾ ਵਿਚ ਇਸ ਸਾਲ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣੀ ਹੈ। ਸੱਤਾਧਾਰੀ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਮੀਦਵਾਰੀ ਪੱਕੀ ਮੰਨੀ ਜਾ ਰਹੀ ਹੈ।