ਜੋਅ ਬਿਡੇਨ ਨੇ ਅਮਰੀਕਾ ‘ਚ ਗੜਬੜੀ ਲਈ ਟਰੰਪ ਨੂੰ ਠਹਿਰਾਇਆ ਜ਼ਿੰਮੇਵਾਰ

674
Share

ਹਿਊਸਟਨ, 10 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਗੜਬੜ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਅਗਾਮੀ ਚੋਣਾਂ ਲਈ ਡੈਮੋਕ੍ਰੇਟ ਪਾਰਟੀ ਵੱਲੋਂ ਮੋਹਰੀ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ ਟਰੰਪ ਨੇ ਅਮਰੀਕੀ ਲੋਕਤੰਤਰ ਨੂੰ ਲੰਮੇ ਸਮੇਂ ਤੋਂ ਬਚਾਅ ਰਹੀਆਂ ਸਾਰੀਆਂ ਰੋਕਾਂ ਪੁੱਟ ਸੁੱਟੀਆਂ ਹਨ। 77 ਸਾਲਾ ਆਗੂ ਨੇ ਕਿਹਾ ਕਿ ਇਹ ਅਮਰੀਕਾ ਨੂੰ ਜਗਾਉਣ ਵਾਲਾ ਸਮਾਂ ਹੈ। ਮੁਲਕ ਨੂੰ ਯੋਗ ਅਗਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਿੰਸਾ, ਲੁੱਟ-ਖੋਹ ਤੇ ਸੰਪਤੀ ਦਾ ਨੁਕਸਾਨ ਗਲਤ ਵਰਤਾਰਾ ਹੈ। ਸ਼ਾਂਤੀਪੂਰਨ ਮੁਜ਼ਾਹਰੇ ਕਰਨੇ ਚਾਹੀਦੇ ਹਨ। ਬਿਡੇਨ ਨੇ ਕਿਹਾ ਕਿ ਟਰੰਪ ਨੇ ਜੋ ਨੁਕਸਾਨ ਦੇਸ਼ ਦੇ ਅਰਥਚਾਰੇ ਤੇ ਨਿਆਂ ਪ੍ਰਣਾਲੀ ਨੂੰ ਪਹੁੰਚਾਇਆ ਹੈ, ਉਹ ਯਾਦ ਰੱਖਣਾ ਪਵੇਗਾ। ਫਲਾਇਡ ਹੱਤਿਆ ਮਾਮਲੇ ‘ਚ ਮਿਨੀਸੋਟਾ ਸੂਬੇ ਨੇ ਮਿਨੀਐਪੋਲਿਸ ਪੁਲੀਸ ਖ਼ਿਲਾਫ਼ ਮਨੁੱਖੀ ਹੱਕਾਂ ਨਾਲ ਜੁੜੀ ਜਾਂਚ ਆਰੰਭ ਦਿੱਤੀ ਹੈ। ਵੱਡੀ ਗਿਣਤੀ ਅਮਰੀਕੀ ਨਿਊਯਾਰਕ, ਫਿਲਾਡੇਲਫੀਆ, ਸ਼ਿਕਾਗੋ ਤੇ ਵਾਸ਼ਿੰਗਟਨ ਵਿਚ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਜਾਰੀ ਰੱਖ ਰਹੇ ਹਨ। ਹਿਊਸਟਨ ‘ਚ ਕਰੀਬ 60 ਹਜ਼ਾਰ ਲੋਕਾਂ ਨੇ ਫਲਾਇਡ ਦੇ ਪਰਿਵਾਰਕ ਮੈਂਬਰਾਂ ਨਾਲ ਸ਼ਾਂਤੀਪੂਰਨ ਮਾਰਚ ਕੀਤਾ।


Share