ਜੋਅ ਬਾਈਡੇਨ ਨੇ ਅਮਰੀਕੀ ਕੈਪੀਟਲ ਦੀ ਸੁਰੱਖਿਆ ਕਰਨ ਵਾਲੇ ਅਧਿਕਾਰੀਆਂ ਦੇ ਸਨਮਾਨ ਵਾਲੇ ਬਿੱਲ ‘ਤੇ ਕੀਤੇ ਦਸਤਖਤ

302
Share

ਫਰਿਜ਼ਨੋ, 6 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਇੱਕ ਅਜਿਹੇ ਬਿੱਲ ‘ਤੇ ਦਸਤਖਤ ਕੀਤੇ ਹਨ, ਜੋ 6 ਜਨਵਰੀ ਨੂੰ ਕੈਪੀਟਲ ਇਮਾਰਤ ਵਿੱਚ ਹੋਏ ਦੰਗਿਆਂ ਦੌਰਾਨ ਸੁਰੱਖਿਆ ਕਰਨ ਵਾਲੇ ਪੁਲਿਸ ਅਧਿਕਾਰੀਆਂ ਦਾ ਸਨਮਾਨ ਕਰੇਗਾ। ਬਾਈਡੇਨ ਨੇ ਕੈਪੀਟਲ ਪੁਲਿਸ ਅਤੇ ਡੀ ਸੀ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਮੈਂਬਰਾਂ ਨੂੰ ਚਾਰ ਕਾਂਗਰੇਸ਼ਨਲ ਗੋਲਡ ਮੈਡਲ ਪ੍ਰਦਾਨ ਕਰਨ ਵਾਲੇ ਇਸ ਕਾਨੂੰਨ ‘ਤੇ ਹਸਤਾਖਰ ਕਰਦਿਆਂ ਉਹਨਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ। ਸੈਨੇਟ ਵੱਲੋਂ ਸਰਬਸੰਮਤੀ ਨਾਲ  ਮੰਗਲਵਾਰ ਨੂੰ ਮਨਜ਼ੂਰੀ ਮਿਲਣ  ਤੋਂ ਬਾਅਦ ਇਹ ਬਿੱਲ  ਬਾਈਡੇਨ ਦੇ ਡੈਸਕ ‘ਤੇ ਆਇਆ ਸੀ। ਜੂਨ ਵਿੱਚ ਸਦਨ ਨੇ ਇਸਨੂੰ 21 ਰਿਪਬਲਿਕਨਾਂ ਦੇ ਵਿਰੋਧ ਨਾਲ ਪਾਸ ਕੀਤਾ ਸੀ। ਇਸਦੇ ਇਲਾਵਾ ਰਾਸ਼ਟਰਪਤੀ ਨੇ ਮਰਹੂਮ ਕੈਪੀਟਲ ਪੁਲਿਸ ਅਫਸਰਾਂ ਬ੍ਰਾਇਨ ਸਿਕਨਿਕ ਅਤੇ ਬਿਲੀ ਇਵਾਂਸ ਦਾ ਸਨਮਾਨ ਕਰਨ ਦਾ ਵੀ ਸੰਕੇਤ ਦਿੱਤਾ।  ਸਿਕਨਿਕ ਦੀ 6 ਜਨਵਰੀ ਨੂੰ ਕੈਪੀਟਲ ਵਿੱਚ ਹੋਏ ਹਮਲੇ ਦੇ ਇੱਕ ਦਿਨ ਬਾਅਦ ਮੌਤ ਹੋ ਗਈ,  ਜਦਕਿ ਇਵਾਂਸ ਜਿਸਦੀ 2 ਅਪ੍ਰੈਲ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਇੱਕ ਡਰਾਈਵਰ ਨੇ ਆਪਣੇ ਵਾਹਨ ਨੂੰ ਕੈਪੀਟਲ ਕੰਪਲੈਕਸ ਦੇ ਉੱਤਰੀ ਬੈਰੀਕੇਡ ਨਾਲ ਟੱਕਰ ਮਾਰ ਦਿੱਤੀ ਸੀ। ਇਹ ਬਿੱਲ ਕੁੱਲ ਚਾਰ ਕਾਂਗਰੇਸ਼ਨਲ ਗੋਲਡ ਮੈਡਲ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚੋਂ ਦੋ ਯੂ ਐਸ ਕੈਪੀਟਲ ਪੁਲਿਸ ਅਤੇ ਮੈਟਰੋਪੋਲੀਟਨ ਪੁਲਿਸ ਵਿਭਾਗਾਂ ਦੇ ਹੈੱਡਕੁਆਰਟਰਾਂ ਵਿੱਚ ਪ੍ਰਦਰਸ਼ਤ ਕੀਤੇ ਜਾਣਗੇ। ਤੀਜਾ ਮੈਡਲ ਸਮਿਥਸੋਨੀਅਨ ਇੰਸਟੀਚਿਊਟ ਨੂੰ ਜਾਵੇਗਾ, ਅਤੇ ਅੰਤਮ ਮੈਡਲ ਇਮਾਰਤ ਵਿੱਚ ਪ੍ਰਦਰਸ਼ਿਤ ਕਰਨ ਲਈ ਕੈਪੀਟਲ ਦੇ ਆਰਕੀਟੈਕਟ ਨੂੰ ਦਿੱਤਾ ਜਾਵੇਗਾ। ਬਾਈਡੇਨ ਪ੍ਰਸ਼ਾਸਨ ਦੇ ਇਸ ਕਦਮ ਨਾਲ ਦੇਸ਼ ਦੀ ਸੁਰੱਖਿਆ ਕਰਨ ਵਾਲੇ ਕਰਮਚਾਰੀਆਂ ਦੇ ਸਨਮਾਨ ਵਿੱਚ ਵਾਧਾ ਹੋਵੇਗਾ।

Share