ਜੋਅ ਬਾਈਡਨ ਅਤੇ ਓਬਾਮਾ ਕੋਰੋਨਾ ਟੀਕਾਕਰਨ ਨੂੰ ਟੀ ਵੀ ਪ੍ਰੋਗਰਾਮ ਰਾਹੀਂ ਕਰਨਗੇ ਉਤਸ਼ਾਹਿਤ

131
Share

ਫਰਿਜ਼ਨੋ (ਕੈਲੀਫੋਰਨੀਆ), 18 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/(ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਐਤਵਾਰ ਨੂੰ ਐਨ.ਬੀ.ਸੀ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਪੇਸ਼ ਹੋਣਗੇ ਜਿਸਦਾ ਉਦੇਸ਼ ਕੋਵਿਡ -19 ਟੀਕਾਕਰਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਰਾਹੀਂ  ਉਹ ਟੀਕਾਕਰਨ ਸੰਬੰਧੀ ਹਿਚਕਿਚਾਉਣ ਵਾਲੇ ਅਮਰੀਕੀਆਂ ਨੂੰ ਸ਼ਾਟ ਲੈਣ ਲਈ ਯਕੀਨ ਦਿਵਾਉਣ ਦੀ ਉਮੀਦ ਕਰਦੇ ਹਨ।ਨਾਨ ਪ੍ਰੋਫਿਟ ਸਿਵਿਕ ਰਾਸ਼ਟਰ ਅਨੁਸਾਰ “ਰੋਲ ਅਪ ਯੂਅਰ ਸਲੀਵਜ਼” ਸਪੈਸ਼ਲ  ਪ੍ਰੋਗਰਾਮ ਐਤਵਾਰ ਸ਼ਾਮ 7 ਵਜੇ ਐਨ ਬੀ ਸੀ ਤੇ ਪ੍ਰਸਾਰਿਤ ਹੋਵੇਗਾ।  ਇਹ ਵਾਲਗ੍ਰੇਨਜ਼ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਏ ਟੀ ਟੀ ਐਨ ਦੁਆਰਾ ਬਣਾਇਆ ਗਿਆ ਹੈ।ਇਸ ਦੀ ਸਿਵਿਕ ਨੇਸ਼ਨ ਦੇ ਮੇਡ ਟੂ ਸੇਵ ਪਹਿਲਕਦਮੀ ਦੇ ਨਾਲ ਸਾਂਝੇਦਾਰੀ ਹੈ, ਜੋ ਇੱਕ ਕੌਮੀ ਜਨਤਕ ਸਿੱਖਿਆ ਅਤੇ ਜ਼ਮੀਨੀ ਪੱਧਰ ਦਾ ਆਯੋਜਨ ਕਰਨ ਦਾ ਯਤਨ ਹੈ ਤਾਂ ਜੋ ਕੋਵਿਡ -19 ਟੀਕਿਆਂ ਤੱਕ ਬਰਾਬਰ ਪਹੁੰਚ ਅਤੇ ਟੀਕਿਆਂ ਵਿੱਚ ਵਿਸ਼ਵਾਸ ਵਧਾਇਆ ਜਾ ਸਕੇ। ਬਾਈਡੇਨ ਇਸ ਦੌਰਾਨ ਵਿਸ਼ੇਸ਼ ਟਿੱਪਣੀ ਕਰਨਗੇ ਅਤੇ ਓਬਾਮਾ ਸਾਬਕਾ ਐਨ ਬੀ ਏ ਸਿਤਾਰਿਆਂ ਚਾਰਲਸ ਬਰਕਲੇ ਅਤੇ ਸ਼ਕੀਲ ਓ’ਨਲ ਦੇ ਨਾਲ ਅਮਰੀਕੀ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਦਿਖਾਈ ਦੇਣਗੇ । ਬਾਈਡੇਨ ਦੇ ਮੁੱਖ ਕੋਵਿਡ -19 ਸਲਾਹਕਾਰ ਡਾ. ਐਂਥਨੀ ਫੌਸੀ ਅਭਿਨੇਤਾ ਮੈਥਿਊ ਮੈਕੋਨੌਘੀ ਦੁਆਰਾ ਲਈ ਜਾਣ ਵਾਲੀ ਇੰਟਰਵਿਊ ਵਿੱਚ ਜਾਣਕਾਰੀ ਦੇਣਗੇ। ਇਸਦੇ ਇਲਾਵਾ ,ਇਸ ਵਿਸ਼ੇਸ਼ ਪ੍ਰੋਗਰਾਮ ਵਿੱੱਚ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਸਮੇਤ ਕਈ ਹੋਰ ਅਮਰੀਕੀ ਹਸਤੀਆਂ ਸ਼ਾਮਿਲ ਹੋਣਗੀਆਂ।
ਓਬਾਮਾ ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ, ਬਿੱਲ ਕਲਿੰਟਨ ਅਤੇ ਜਾਰਜ ਡਬਲਯੂ ਬੁਸ਼ ਅਤੇ ਉਨ੍ਹਾਂ ਦੀਆਂ ਪਤਨੀਆਂਦੇ ਨਾਲ ਟੀਕੇ ਸੰਬੰਧੀ ਇੱਕ ਇਸ਼ਤਿਹਾਰ ਮੁਹਿੰਮ ਵਿੱਚ ਵੀ ਸ਼ਾਮਿਲ ਹੋਏ ਸਨ।
ਇਸ਼ਤਿਹਾਰ ਮੁਹਿੰਮ ਵਿੱਚ ਇੱਕ ਮਿੰਟ ਲੰਬੀ, ਨਿੱਜੀ ਵੀਡੀਓ ਸ਼ਾਮਿਲ ਕੀਤੀ ਗਈ ਹੈ , ਜਿਸ ਵਿੱਚ ਦਿਖਾਇਆ ਗਿਆ ਹੈ ਕਿ ਚਾਰ ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਪਹਿਲੀਆਂ ਔਰਤਾਂ  ਆਪਣੇ ਟੀਕੇ ਪ੍ਰਾਪਤ ਕਰ ਰਹੀਆਂ ਹਨ। ਇੱਕ ਹੋਰ ਜਿਸ ਵਿੱਚ ਕਲਿੰਟਨ, ਬੁਸ਼ ਅਤੇ ਓਬਾਮਾ ਇਕੱਠੇ ਖੜ੍ਹੇ ਹੋਏ ਹਨ ਜੋ ਅਮਰੀਕੀਆਂ ਨੂੰ ਅੱਗੇ ਵਧਣ ਅਤੇ ਟੀਕਾ ਲਗਾਉਣ ਦੀ ਅਪੀਲ ਕਰਦੇ ਹਨ। ਬਾਈਡੇਨ ਪ੍ਰਸ਼ਾਸਨ ਨੇ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਅਤੇ ਟੀਕਿਆਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਾਉਣ ਲਈ ਟੀ ਵੀ ਇਸ਼ਤਿਹਾਰਾਂ ਦੀ ਸ਼ੁਰੂਆਤ ਕੀਤੀ ਹੈ।

Share