ਜੋਅ ਬਾਇਡਨ CAATSA ਪਾਬੰਦੀਆਂ ਤੋਂ ਭਾਰਤ ਲਈ ਵਿਸ਼ੇਸ਼ ਛੋਟ ਪ੍ਰਕਿਰਿਆ ਨੂੰ ਕਰਨਗੇ ਤੇਜ਼

49
Share

ਵਾਸ਼ਿੰਗਟਨ, 13 ਅਗਸਤ (ਪੰਜਾਬ ਮੇਲ)- ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਡੈਮੋਕ੍ਰੇਟਿਕ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ CAATSA (ਸੀ.ਏ.ਏ.ਟੀ.ਐੱਸ.ਏ.) ਪਾਬੰਦੀਆਂ ਤੋਂ ਭਾਰਤ ਨੂੰ ਵਿਸ਼ੇਸ਼ ਛੋਟ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਗੇ ਕਿਉਂਕਿ ਉਨ੍ਹਾਂ ਨੂੰ ‘ਸਿਆਸੀ ਫਾਇਦਾ’ ਹੈ ਅਤੇ ਕਾਂਗਰਸ ਦੇ 300 ਮੈਂਬਰਾਂ ਦਾ ਸਮਰਥਨ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਪ੍ਰਤੀਨਿਧੀ ਸਦਨ ਵੱਲੋਂ ਭਾਰਤ ਨੂੰ ਰੂਸ ਤੋਂ ਐੱਸ.-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ਸੀ.ਏ.ਏ.ਟੀ.ਐੱਸ.ਏ. ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦੇਣ ਵਾਲਾ ਬਿੱਲ ਪਾਸ ਕਰਨਾ ਸਿਵਲ ਪਰਮਾਣੂ ਸਮਝੌਤੇ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਵੋਟ ਹੈ।¿;
ਖੰਨਾ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਤੋਂ ਭਾਰਤ ਨੂੰ ਚੀਨ ਵਰਗੇ ਹਮਲਾਵਰ ਦੇਸ਼ ਨੂੰ ਰੋਕਣ ਵਿਚ ਮਦਦ ਕਰਨ ਲਈ ‘ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ’ (ਸੀ.ਏ.ਏ.ਟੀ.ਐੱਸ.ਏ.) ਤੋਂ ਛੋਟ ਲੈਣ ਦੀ ਮੰਗ ਕੀਤੀ ਗਈ ਹੈ। ਖੰਨਾ ਨੇ ਕਿਹਾ ਕਿ ਅਮਰੀਕਾ-ਭਾਰਤ ਸਬੰਧ ਪਹਿਲਾਂ ਕਦੇ ਵੀ ਇੰਨੇ ਮਹੱਤਵਪੂਰਨ ਨਹੀਂ ਰਹੇ। ਜਦੋਂ ਤੁਸੀਂ ਵਿਸਤਾਰਵਾਦੀ ਰੂਸ ਨਾਲ ਵਿਸਤਾਰਵਾਦੀ ਚੀਨ ਨੂੰ ਦੇਖਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਇਹ 21ਵੀਂ ਸਦੀ ਵਿਚ ਸਬੰਧਾਂ ਨੂੰ ਇੱਕ ਨਵਾਂ ਆਯਾਮ ਦੇਣ ਜਾ ਰਿਹਾ ਹੈ। ਸਾਨੂੰ ਭਾਰਤ ਨੂੰ ਸਪੱਸ਼ਟ ਸੰਦੇਸ਼ ਭੇਜਣ ਦੀ ਲੋੜ ਹੈ ਕਿ ਅਮਰੀਕਾ ਇਸ ਰਿਸ਼ਤੇ ਨੂੰ ਬਹੁਤ ਮਹੱਤਵਪੂਰਨ ਸਮਝਦਾ ਹੈ।¿;
ਇਹ ਬਿੱਲ ਅਜੇ ਤੱਕ ਅਮਰੀਕੀ ਸੈਨੇਟ ਵਿਚ ਪਾਸ ਨਹੀਂ ਹੋਇਆ ਹੈ। ਇਸ ਤੋਂ ਬਾਅਦ ਹੀ ਇਸ ਨੂੰ ਰਾਸ਼ਟਰਪਤੀ ਬਾਇਡਨ ਨੂੰ ਦਸਤਖ਼ਤ ਲਈ ਭੇਜਿਆ ਜਾਵੇਗਾ। ਸਾਲ 2017 ਵਿਚ ਪੇਸ਼ ਕੀਤੇ ਗਏ ਸੀ.ਏ.ਏ.ਟੀ.ਐੱਸ.ਏ. ਵਿਚ ਰੂਸ ਦੇ ਨਾਲ ਰੱਖਿਆ ਅਤੇ ਖੁਫੀਆ ਲੈਣ-ਦੇਣ ਕਰਨ ਵਾਲੇ ਕਿਸੇ ਵੀ ਦੇਸ਼ ਖ਼ਿਲਾਫ਼ ਦੰਡਾਤਮਕ ਕਾਰਵਾਈ ਕਰਨ ਦੀ ਵਿਵਸਥਾ ਹੈ। ਇਹ ਰੂਸ ਦੁਆਰਾ 2014 ਵਿਚ ਕ੍ਰੀਮੀਆ ਦੇ ਕਬਜ਼ੇ ਅਤੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਮਾਸਕੋ ਦੀ ਕਥਿਤ ਦਖਲਅੰਦਾਜ਼ੀ ਦੇ ਜਵਾਬ ਵਿਚ ਲਿਆਇਆ ਗਿਆ ਸੀ। ਖੰਨਾ ਨੇ ਕਿਹਾ ਕਿ ਇਸ ਸੋਧ ਵਿਚ ਕਾਂਗਰਸ ਦੇ 300 ਮੈਂਬਰ ਰਾਸ਼ਟਰਪਤੀ ਬਾਇਡਨ ਨੂੰ ਪਾਬੰਦੀਆਂ ਵਿਚ ਛੋਟ ਦੇਣ ਲਈ ਕਹਿ ਰਹੇ ਹਨ, ਇਸ ਲਈ ਇਹ ਉਸ ਰਿਸ਼ਤੇ ਲਈ ਇੱਕ ਵੱਡਾ ਸਮਰਥਨ ਹੈ। ਭਾਰਤ ਨਾਲ ਸਿਵਲ ਪਰਮਾਣੂ ਸਮਝੌਤੇ ਤੋਂ ਬਾਅਦ ਸਦਨ ਵਿਚ ਇਹ ਸਭ ਤੋਂ ਇਤਿਹਾਸਕ ਵੋਟ ਹੈ। ਖੰਨਾ, ਜੋ ਕਿ ਹਾਲ ਹੀ ਵਿਚ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੀ ਅਗਵਾਈ ਵਿਚ ਤਾਈਵਾਨ ਗਏ ਵਫਦ ਦਾ ਹਿੱਸਾ ਸਨ, ਨੇ ਕਿਹਾ ਕਿ ਸਦਨ ਦੁਆਰਾ ਪਾਸ ਕੀਤੇ ਗਏ ਸੋਧ ਬਿੱਲ ਨੂੰ ਬਾਇਡਨ ਪ੍ਰਸ਼ਾਸਨ ਦਾ ਸਮਰਥਨ ਹਾਸਲ ਹੈ।

Share