ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਰਾਸ਼ਟਰਪਤੀ ਚੋਣਾਂ ‘ਚ ਰੀਪਬਲਿਕਨ ਪਾਰਟੀ ਵੱਲੋਂ ਦੂਜੀ ਵਾਰ ਚੋਣ ਲੜੇ ਡੋਨਾਲਡ ਟਰੰਪ ਨੂੰ ਭਾਰੀ ਫਰਕ ਨਾਲ ਹਰਾ ਕੇ ਡੈਮੋਕ੍ਰੇਟਿਕ ਦੇ ਬਾਈਡੇਨ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਟਰੰਪ ਦੇ ਹੱਥ ਵੱਡੀ ਨਿਰਾਸ਼ਾ ਲੱਗੀ ਹੈ। 1992 ‘ਚ ਜਾਰਜ ਐੱਚ. ਡਬਲਿਊ. ਬੁਸ਼ ਤੋਂ ਬਾਅਦ ਟਰੰਪ ਰੀਇਲੈਕਸ਼ਨ ਹਾਰਨ ਵਾਲੇ ਪਹਿਲੇ ਮੌਜੂਦਾ ਰਾਸ਼ਟਰਪਤੀ ਹਨ।
ਵਾਈਟ ਹਾਊਸ ਪਹੁੰਚਣ ਲਈ 270 ਇਲੈਕਟ੍ਰੋਲ ਕਾਲਜ ਵੋਟਾਂ ਹਾਸਲ ਕਰਨਾ ਜ਼ਰੂਰੀ ਸੀ, ਜਦੋਂ ਕਿ ਬਾਈਡੇਨ ਇਸ ਤੋਂ ਵੀ ਕਾਫ਼ੀ ਅੱਗੇ ਨਿਕਲ ਗਏ।
ਹੁਣ ਤੱਕ 4 ਸੂਬਿਆਂ ‘ਚ ਚੱਲ ਰਹੀ ਵੋਟਾਂ ਦੀ ਗਿਣਤੀ ਵਿਚਕਾਰ ਪੇਨਸਿਲਵੇਨੀਆ ‘ਚ 20 ਇਲੈਕਟ੍ਰੋਲ ਵੋਟਾਂ ਜਿੱਤ ਕੇ ਬਾਈਡੇਨ 273 ਇਲੈਕਟ੍ਰੋਲ ਵੋਟਾਂ ਦੀ ਸ਼ਾਨਦਾਰ ਬੜ੍ਹਤ ਨਾਲ ਮੋਹਰੇ ਸਨ, ਜਦੋਂ ਕਿ ਟਰੰਪ ਸਿਰਫ 214 ਵੋਟਾਂ ‘ਤੇ ਸਿਮਟ ਕੇ ਰਹਿ ਗਏ ਹਨ। ਗੌਰਤਲਬ ਹੈ ਕਿ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੱਕ ਦੀ ਕਹਾਣੀ ਬਹੁਤ ਸੰਘਰਸ਼ ਭਰੀ ਹੈ। ਉਨ੍ਹਾਂ ਲਈ ਸਿਆਸਤ ਦਾ ਰਾਹ ਬਹੁਤਾ ਸੌਖਾ ਨਹੀਂ ਰਿਹਾ। 77 ਸਾਲਾ ਜੋਅ ਬਾਈਡੇਨ ਤਕਰੀਬਨ 50 ਸਾਲ ਤੋਂ ਅਮਰੀਕਾ ਦੀ ਰਾਜਨੀਤੀ ‘ਚ ਸਰਗਰਮ ਹਨ। ਉਹ ਓਬਾਮਾ ਪ੍ਰਸ਼ਾਸਨ ‘ਚ ਉਪ ਰਾਸ਼ਟਰਪਤੀ ਰਹੇ ਹਨ। ਬਾਈਡੇਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਟਰੰਪ ਰਾਜ ‘ਚ ਮਿੱਤਰ ਦੇਸ਼ਾਂ ਦੇ ਸਾਮਾਨਾਂ ‘ਤੇ ਲਾਗੂ ਕੀਤੇ ਗਏ ਟੈਰਿਫ ਵਰਗੇ ਕਈ ਵਪਾਰਕ ਮੁੱਦਿਆਂ ਨੂੰ ਹੱਲ ਕਰਨਾ ਹੋਵੇਗਾ, ਨਾਲ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਹੋਵੇਗਾ। ਇਕ ਵਾਅਦਾ ਉਨ੍ਹਾਂ ਨੇ ਪ੍ਰਤੀ ਘੰਟੇ ਦੀ ਘੱਟੋ-ਘੱਟ ਮਜ਼ਦੂਰੀ ਵਧਾ ਕੇ 15 ਡਾਲਰ ਕਰਨ ਦਾ ਕੀਤਾ ਸੀ। ਮੌਜੂਦਾ ਸਮੇਂ ਅਮਰੀਕਾ ‘ਚ ਇਹ 7.25 ਡਾਲਰ ਪ੍ਰਤੀ ਘੰਟਾ ਹੈ।