ਜੋਅ ਬਾਇਡਨ ਵੱਲੋਂ ਭੂਚਾਲ ਤੋਂ ਪ੍ਰਭਾਵਿਤ ਹੈਤੀ ਲਈ ਤੁਰੰਤ ਸਹਾਇਤਾ ਦਾ ਭਰੋਸਾ

498
Share

ਫਰਿਜ਼ਨੋ, 16 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹੈਤੀ ਦੇਸ਼ ’ਚ ਆਏ ਜ਼ਬਰਦਸਤ ਭੂਚਾਲ ਕਾਰਨ ਹੋਏ ਨੁਕਸਾਨ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਹੈਤੀ ’ਚ ਸ਼ਨੀਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। 7.2 ਦੀ ਤੀਬਰਤਾ ਵਾਲੇ ਭੂਚਾਲ ਨੇ ਸਵੇਰੇ 8:30 ਵਜੇ ਦੇ ਕਰੀਬ ਇਸ ਗਰੀਬ ਟਾਪੂ ਦੇਸ਼ ਨੂੰ ਹਿਲਾ ਦਿੱਤਾ ਅਤੇ ਜ਼ਿਆਦਾਤਰ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਇਸ ਸਬੰਧੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਹੈਤੀ ਦੀ ਤੁਰੰਤ ਮਦਦ ਲਈ ਕੰਮ ਕਰ ਰਿਹਾ ਹੈ, ਜਿਸ ਲਈ ਰਾਸ਼ਟਰਪਤੀ ਨੇ ਯੂ.ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਐਡਮਨਿਸਟ੍ਰੇਸ਼ਨ ਨੂੰ ਤੁਰੰਤ ਯੂ.ਐੱਸ. ਸਹਾਇਤਾ ਲਈ ਨਿਰਦੇਸ਼ਤ ਕੀਤਾ ਹੈ।
ਰਾਸ਼ਟਰਪਤੀ ਨੇ ਜਾਣਕਾਰੀ ਦਿੱਤੀ ਕਿ ਏਜੰਸੀ ਭੂਚਾਲ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਯਤਨਾਂ ’ਚ ਸਹਾਇਤਾ ਕਰੇਗੀ ਅਤੇ ਜ਼ਖਮੀਆਂ ਆਦਿ ਨੂੰ ਠੀਕ ਕਰਨ ਦੇ ਯਤਨਾਂ ਵਿਚ ਵੀ ਸਹਾਇਤਾ ਕਰੇਗੀ। ਰਾਸ਼ਟਰਪਤੀ ਅਨੁਸਾਰ ਅਮਰੀਕਾ ਹੈਤੀ ਦੇ ਲੋਕਾਂ ਦਾ ਕਰੀਬੀ ਅਤੇ ਸਥਾਈ ਮਿੱਤਰ ਬਣਿਆ ਹੋਇਆ ਹੈ ਅਤੇ ਇਸ ਦੁਖਾਂਤ ਦੇ ਬਾਅਦ ਵੀ ਇਹ ਮਿੱਤਰਤਾ ਬਣੀ ਰਹੇਗੀ।

Share