ਜੋਅ ਬਾਇਡਨ ਵੱਲੋਂ ਕੋਵਿਡ-19 ਦੀ ਨਵੀਂ ਲਹਿਰ ਦੌਰਾਨ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ

266
ਰਾਸ਼ਟਰਪਤੀ ਜੋਅ ਬਾਇਡਨ।
Share

– ਕਿਹਾ: ਟੀਕਾਕਰਨ ਕਰਵਾਉਣਾ ਹਰੇਕ ਅਮਰੀਕੀ ਨਾਗਰਿਕ ਦਾ ‘‘ਰਾਸ਼ਟਰ ਪ੍ਰਤੀ ਫਰਜ਼’’
-‘ਓਮੀਕਰੋਨ’ ਨਾਲ ਨਜਿੱਠਣ ਲਈ ਹਸਪਤਾਲ ਦੀਆਂ ਸਹੂਲਤਾਂ ਤੇ ਟੀਕਾਕਰਨ ਦੀ ਗਤੀ ਨੂੰ ਕਰਨਾ ਹੋਵੇਗਾ ਦੁੱਗਣਾ
ਵਾਸ਼ਿੰਗਟਨ, 22 ਦਸੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਵਿਡ-19 ਦੀ ਨਵੀਂ ਲਹਿਰ ਦੌਰਾਨ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਦੇਸ਼ ਪ੍ਰਤੀ ਉਨ੍ਹਾਂ ਦਾ ਫਰਜ਼ ਹੈ। ਬਾਇਡਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ’ਚ ਕਿਹਾ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਵੱਧਦੇ ਮਾਮਲਿਆਂ ਨਾਲ ਨਜਿੱਠਣ ਲਈ 50 ਕਰੋੜ ਮੁਫਤ ਰੈਪਿਡ ਟੈਸਟ, ਹਸਪਤਾਲ ਦੀਆਂ ਸਹੂਲਤਾਂ ਅਤੇ ਟੀਕਾਕਰਨ ਦੀ ਗਤੀ ਨੂੰ ਦੁੱਗਣਾ ਕਰਨਾ ਹੋਵੇਗਾ। ਬਾਇਡਨ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਅਪੀਲ ਸਿਆਸੀ ਨਹੀਂ ਹੈ।
ਬਾਇਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ‘‘ਬੂਸਟਰ’’ ਖੁਰਾਕ ਲਈ ਹੈ ਅਤੇ ਟੀਕਾਕਰਨ ਕਰਵਾਉਣਾ ਹਰੇਕ ਅਮਰੀਕੀ ਨਾਗਰਿਕ ਦਾ ‘‘ਰਾਸ਼ਟਰ ਪ੍ਰਤੀ ਫਰਜ਼’’ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸਿਰਫ ਇਕ ਜ਼ਿੰਮੇਵਾਰੀ ਵਾਲਾ ਕੰਮ ਹੈ, ਜੋ ਅਸੀਂ ਕਰ ਸਕਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਥੱਕੇ ਹੋਏ ਅਤੇ ਪਰੇਸ਼ਾਨ ਹੋ। ਅਸੀਂ ਸਾਰੇ ਚਾਹੁੰਦੇ ਹਾਂ ਕਿ ਇਹ ਹੁਣ ਖ਼ਤਮ ਹੋ ਜਾਵੇ ਪਰ ਅਸੀਂ ਅਜੇ ਵੀ ਇਸਦਾ ਸਾਹਮਣਾ ਕਰ ਰਹੇ ਹਾਂ। ਹੁਣ ਸਾਡੇ ਕੋਲ ਇਸ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਜ਼ਿਆਦਾ ਸਾਧਨ ਹਨ। ਅਸੀਂ ਇਸ ਨਾਲ ਨਜਿੱਠਣ ਲਈ ਤਿਆਰ ਹਾਂ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਦਾ ਇਹ ਭਾਸ਼ਣ ਦੇਸ਼ ਵਿਚ ਤਾਲਾਬੰਦੀ ਲਗਾਉਣ ਲਈ ਨਹੀਂ ਹੋਵੇਗਾ। ਇਹ ਭਾਸ਼ਣ ਟੀਕਾਕਰਨ ਦੇ ਫਾਇਦਿਆਂ ਬਾਰੇ ਹੋਵੇਗਾ। ਦੂਜੇ ਪਾਸੇ ਬਾਇਡਨ ਦੇ ਚੋਟੀ ਦੇ ਮੈਡੀਕਲ ਸਲਾਹਕਾਰ ਡਾ. ਐਂਥਨੀ ਫੌਸੀ ਨੇ ਕਿਹਾ ਕਿ ਇਸ ਹਫ਼ਤੇ ਦੇ ਅੰਤ ਵਿਚ ਰਾਸ਼ਟਰਪਤੀ ਅਮਰੀਕੀਆਂ ਨੂੰ ਚਿਤਾਵਨੀ ਦੇਣਗੇ ਕਿ ਟੀਕੇ ਤੋਂ ਬਿਨਾਂ ‘‘ਸਰਦੀਆਂ’’ ਕਿਵੇਂ ਹੋਣਗੀਆਂ।

Share