ਜੋਅ ਬਾਇਡਨ ਵੱਲੋਂ ਕੋਰੋਨਾ ਟਾਸਕ ਫੋਰਸ ‘ਚ ਭਾਰਤੀ-ਅਮਰੀਕੀ ਵਿਵੇਕ ਮੂਰਤੀ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

461
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- 20 ਜਨਵਰੀ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬਾਇਡਨ ਨੇ ਟੀਮ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੰਯੁਕਤ ਰਾਜ ਅਮਰੀਕਾ ਨੂੰ ਸਭ ਤੋਂ ਵੱਧ ਤਬਾਹ ਕਰਨ ਵਾਲੀ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਨਾਲ ਨਜਿੱਠਣ ਲਈ ਬਾਇਡਨ ਦੀ ਕੋਰੋਨਾ ਟਾਸਕ ਫੋਰਸ ‘ਚ ਸਲਾਹਕਾਰ ਬੋਰਡ ਦੇ ਤਿੰਨ ਮੁਖੀਆਂ ਵਿਚ ਭਾਰਤੀ ਮੂਲ ਦੇ ਅਮਰੀਕੀ ਨੂੰ ਵੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਰਤੀ ਮੂਲ ਦੇ ਅਮਰੀਕੀ ਵਿਵੇਕ ਮੂਰਤੀ ਨੂੰ ਇਸ ਬੋਰਡ ਵਿਚ ਸਹਿ-ਚੇਅਰਮੈਨ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਹ ਟਾਸਕ ਫੋਰਸ ਲਾਗ ਦੀ ਬੀਮਾਰੀ ਨਾਲ ਨਜਿੱਠਣ ਲਈ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਨੂੰ ਸਮੇਂ-ਸਮੇਂ ਸਿਰ ਸਿਫਾਰਸ਼ਾਂ ਸੌਂਪੇਗੀ। ਅਮਰੀਕਾ ‘ਚ ਹੁਣ ਤੱਕ ਇਸ ਬੀਮਾਰੀ ਕਾਰਨ 2,36,000 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਡਾ. ਵਿਵੇਕ ਮੂਰਤੀ (43) ਪਹਿਲਾਂ ਅਮਰੀਕਾ ਦੇ ਸਰਜਨ ਜਨਰਲ ਰਹਿ ਚੁੱਕੇ ਹਨ। ਉਹ ਆਪਣੇ ਦੋ ਹੋਰ ਸਹਿ-ਮੁਖੀਆਂ ਡਾ. ਡੇਵਿਡ ਕੈਸਲਰ ਅਤੇ ਡਾ. ਮਾਰਸੇਲਾ ਨੁਨੇਜਾ ਸਮਿਥ ਨਾਲ ਜਾਨਲੇਵਾ ਵਾਇਰਸ ‘ਤੇ ਬਾਇਡਨ ਅਤੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੂੰ ਸਲਾਹ ਦੇਣ ਵਾਲੇ ਅਗਲੇ ਜਨਸਿਹਤ ਮਾਹਰਾਂ ਦੀ ਟੀਮ ਦੀ ਅਗਵਾਈ ਕਰਨਗੇ। ਅਮਰੀਕਾ ਇਸ ਸਮੇਂ ਦੁਨੀਆਂ ‘ਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਹੈ।
ਬਾਇਡਨ ਨੇ ਕਿਹਾ, ”ਕੋਰੋਨਾ ਨਾਲ ਨਜਿੱਠਣਾ ਸਾਡੇ ਪ੍ਰਸ਼ਾਸਨ ਲਈ ਸਭ ਤੋਂ ਵੱਧ ਮਹੱਤਵਪੂਰਣ ਲੜਾਈਆਂ ਵਿਚੋਂ ਇਕ ਹੋਵੇਗਾ ਅਤੇ ਮਾਹਰ ਮੈਨੂੰ ਸਲਾਹ ਦੇਣਗੇ।” ਮੂਰਤੀ ਅਮਰੀਕਾ ਦੇ 19ਵੇਂ ਸਰਜਨ ਜਨਰਲ ਰਹੇ ਹਨ। ਉਨ੍ਹਾਂ 2014 ਤੋਂ 2017 ਤੱਕ ਇਸ ਅਹੁਦੇ ‘ਤੇ ਕੰਮ ਕੀਤਾ।
ਕੈਸਲਰ 1990 ਤੋਂ 1997 ਤੱਕ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਉੱਥੇ ਹੀ, ਨੁਨੇਜਾ ਸਮਿਥ ਯੇਲ ਯੂਨੀਵਰਸਿਟੀ ਵਿਚ ਇੰਟਰਨਲ ਮੈਡੀਸਨ ਦੀ ਸਲਾਹਕਾਰ ਪ੍ਰੋਫੈਸਰ ਹਨ। ਸਲਾਹਕਾਰ ਬੋਰਡ ਦੇ ਮੈਂਬਰਾਂ ਵਿਚ ਭਾਰਤੀ ਮੂਲ ਦੇ ਅਤੁਲ ਗਵਾਂਦੇ, ਲੁਸਿਆਨਾ ਬੋਰੀਓ, ਰਿਕ ਬ੍ਰਾਈਟ, ਅਜੈਕੀਲ ਐਮੁਨੁਏਲ, ਸੈਲਾਈਨ ਗਾਊਂਡਰ, ਜੂਲੀ ਮੋਰਿਟਾ, ਮਿਸ਼ੇਲ ਓਸਟਰਹੋਮ, ਲਾਇਸ ਪੇਸ, ਰਾਬਰਟ ਰਾਡ੍ਰਿਗਜ ਅਤੇ ਐਰਿਕ ਗਸਬੀ ਸ਼ਾਮਲ ਹਨ।


Share