ਜੋਅ ਬਾਇਡਨ ਨੇ ਮਿਆਮੀ ’ਚ ਇਮਾਰਤ ਦੇ ਢਹਿਣ ਕਰਕੇ ਸਹਾਇਤਾ ਲਈ ਕੀਤੀ ਫਲੋਰਿਡਾ ਐਮਰਜੈਂਸੀ ਦੀ ਘੋਸ਼ਣਾ

83
Share

ਫਰਿਜ਼ਨੋ, 26 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਇੱਕ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਕਾਰਨ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਸ਼ੁੱਕਰਵਾਰ ਸਵੇਰੇ ਫਲੋਰਿਡਾ ਦੀ ਐਮਰਜੈਂਸੀ ਘੋਸ਼ਣਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਇਮਾਰਤ ਦੇ ਢਹਿਣ ਤੋਂ ਬਾਅਦ ਘੱਟੋ-ਘੱਟ 4 ਮੌਤਾਂ ਅਤੇ ਤਕਰੀਬਨ 150 ਲੋਕ ਲਾਪਤਾ ਹਨ। ਸ਼ੁੱਕਰਵਾਰ ਸਵੇਰੇ 1 ਵਜੇ ਦੇ ਕਰੀਬ ਜਾਰੀ ਕੀਤੇ ਗਏ ਵ੍ਹਾਈਟ ਹਾਊਸ ਦੇ ਇੱਕ ਬਿਆਨ ਨੇ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਨੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀ.ਐੱਚ.ਐੱਸ.) ਅਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਨੂੰ ਇਸ ਘਟਨਾ ਲਈ ਬਚਾਅ ਦੇ ਸਾਰੇ ਐਮਰਜੈਂਸੀ ਯਤਨ ਕਰਨ ਦਾ ਅਧਿਕਾਰ ਦਿੱਤਾ ਹੈ, ਜਿਸ ’ਚ ਮਲਬੇ ਨੂੰ ਹਟਾਉਣਾ ਵੀ ਸ਼ਾਮਲ ਹੈ।
ਵ੍ਹਾਈਟ ਹਾਊਸ ਦਾ ਬਿਆਨ ਮਿਆਮੀ-ਡੇਡ ਕਾਉਂਟੀ ਵਿਚ ਇੱਕ ਰਿਹਾਇਸ਼ੀ ਇਮਾਰਤ ਦੇ ਇੱਕ ਪਾਸੇ ਦੇ ਢਹਿ ਜਾਣ ਦੇ ਕੁੱਝ ਘੰਟਿਆਂ ਬਾਅਦ ਜਾਰੀ ਕੀਤਾ ਗਿਆ। ਜਿਸ ਵਿਚ ਘੱਟੋ-ਘੱਟ ਤਿੰਨ ਦੀ ਮੌਤ ਹੋ ਗਈ ਅਤੇ ਦਰਜਨਾਂ ਮਲਬੇ ਦੇ ਹੇਠਾਂ ਦੱਬੇ ਗਏ। ਅਧਿਕਾਰੀ ਇਸ ਇਮਾਰਤ ਦੇ ਢਹਿਣ ਦੀ ਜਾਂਚ ਕਰ ਰਹੇ ਹਨ ਅਤੇ ਬਚਾਅ ਕਾਰਜ ਜਾਰੀ ਹਨ। ਮਿਆਮੀ-ਡੇਡ ਫਾਇਰ ਅਧਿਕਾਰੀਆਂ ਅਨੁਸਾਰ ਹੁਣ ਤੱਕ 35 ਇਮਾਰਤ ਵਿਚ ਫਸੇ ਅਤੇ ਦੋ ਹੋਰ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾ ਲਿਆ ਗਿਆ ਹੈ।

Share