ਜੋਅ ਬਾਇਡਨ ਦੀ ਸਹਾਇਤਾ ਕਰਨ ਵਾਲੇ ਟ੍ਰਾਂਸਲੇਟਰ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ

146
Share

ਫਰਿਜ਼ਨੋ, 13 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਇੱਕ ਅਫਗਾਨ ਟ੍ਰਾਂਸਲੇਟਰ (ਦੁਭਾਸ਼ੀਆ) ਜਿਸਨੇ 2008 ਵਿਚ ਸੈਨੇਟਰ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੇ ਜੋਅ ਬਾਇਡਨ ਦੀ ਅਫਗਾਨਿਸਤਾਨ ਵਿਚ ਮਦਦ ਕੀਤੀ ਸੀ, ਨੂੰ ਅਮਰੀਕਾ ਦੀ ਸ਼ੁਰੂਆਤੀ ਨਿਕਾਸੀ ਮੁਹਿੰਮ ਵਿਚ ਪਿੱਛੇ ਰਹਿ ਜਾਣ ਤੋਂ ਬਾਅਦ ਅਖੀਰ ਵਿਚ ਸੁਰੱਖਿਅਤ ਕੱਢਿਆ ਗਿਆ ਹੈ। ਅਮਨ ਖਲੀਲੀ ਨਾਮ ਦਾ ਇਹ ਟ੍ਰਾਂਸਲੇਟਰ ਜੋ ਕਿ ਪਹਿਲਾਂ ਸੁਰੱਖਿਆ ਦੇ ਕਾਰਨਾਂ ਕਰਕੇ ਮੁਹੰਮਦ ਨਾਮ ਨਾਲ ਜਾਣਿਆ ਜਾਂਦਾ ਸੀ, ਪਿਛਲੇ ਹਫਤੇ ਅਫਗਾਨਿਸਤਾਨ ਛੱਡ ਕੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਆ ਗਿਆ ਸੀ।
ਖਲੀਲੀ ਅਤੇ ਉਸਦੇ ਪਰਿਵਾਰ ਨੇ ਅਗਸਤ ਵਿਚ ਅਮਰੀਕੀ ਸੈਨਿਕਾਂ ਦੀ ਵਾਪਸੀ ਅਤੇ ਸ਼ੁਰੂਆਤੀ ਨਿਕਾਸੀ ਦੇ ਯਤਨਾਂ ਦੇ ਅੰਤ ਤੋਂ ਬਾਅਦ ਕਈ ਹਫਤੇ ਲੁੱਕ ਕੇ ਬਿਤਾਏ।
ਹਾਲਾਂਕਿ ਅਮਰੀਕਾ ਆਪਣੀ ਸਮਾਂ ਸੀਮਾ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਅਫਗਾਨਿਸਤਾਨ ਦੇਸ਼ ਵਿਚੋਂ ਕੱਢਣ ਵਿਚ ਕਾਮਯਾਬ ਹੋ ਗਿਆ ਸੀ, ਪਰ ਸੈਂਕੜੇ ਅਮਰੀਕਨ ਅਤੇ ਸਹਿਯੋਗੀ ਕਰਮਚਾਰੀ ਉੱਥੇ ਰਹਿ ਗਏ ਹਨ। ਅਗਸਤ ਦੇ ਅੰਤ ਵਿਚ, ਖਲੀਲੀ ਨੇ ਰਾਸ਼ਟਰਪਤੀ ਨੂੰ ਸਿੱਧੀ ਅਪੀਲ ਕਰਕੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਚਾਉਣ ਲਈ ਕਿਹਾ ਸੀ, ਜਿਸ ਤਹਿਤ ਪਿਛਲੇ ਛੇ ਹਫਤਿਆਂ ਵਿਚ, ਅਮਰੀਕੀ ਸਾਬਕਾ ਫੌਜੀਆਂ ਨੇ ਸਾਬਕਾ ਅਫਗਾਨ ਸੈਨਿਕਾਂ ਅਤੇ ਪਾਕਿਸਤਾਨੀ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਖਲੀਲੀ ਅਤੇ ਉਸਦੇ ਪਰਿਵਾਰ ਨੂੰ ਬਾਹਰ ਕੱਢਿਆ।
2008 ਵਿਚ, ਉਸ ਸਮੇ ਦੇ ਸੈਨੇਟਰ ਜੌਨ ਕੈਰੀ (ਡੀ-ਮਾਸ), ਚੱਕ ਹੇਗਲ (ਆਰ-ਨੇਬ) ਅਤੇ ਬਾਈਡੇਨ (ਡੀ-ਡੇਲ) ਅਮਰੀਕੀ ਫੌਜ ਦੇ ਬਲੈਕ ਹਾਕ ਹੈਲੀਕਾਪਟਰਾਂ ਵਿਚ ਸਵਾਰ ਸਨ, ਜਿਨ੍ਹਾਂ ਨੂੰ ਬਰਫਾਨੀ ਤੂਫਾਨ ਕਾਰਨ ਅਫਗਾਨ ਪਹਾੜਾਂ ਵਿਚ ਉਤਰਨਾ ਪਿਆ ਸੀ। ਖਲੀਲੀ, ਜੋ ਉਸ ਸਮੇਂ 36 ਸਾਲਾਂ ਦਾ ਸੀ, ਯੂ.ਐੱਸ. ਫੌਜ ਦੇ ਨਾਲ ਦੁਭਾਸ਼ੀਏ ਵਜੋਂ ਕੰਮ ਕਰ ਰਿਹਾ ਸੀ, ਨੇ ਸੈਨੇਟਰਾਂ ਦੀ ਮਦਦ ਕੀਤੀ ਸੀ।
ਖਲੀਲੀ ਇਸ ਨਿਕਾਸੀ ਮੁਹਿੰਮ ਤਹਿਤ ਆਪਣੇ ਪਰਿਵਾਰ ਸਮੇਤ ਸੋਮਵਾਰ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਰਾਹੀਂ ਪਾਕਿਸਤਾਨ ਤੋਂ ਦੋਹਾ ਕਤਰ ਦੀ ਉਡਾਣ ਲਈ ਤਿਆਰ ਸੀ।

Share