ਕਲੀਵਲੈਂਡ, 26 ਅਕਤੂਬਰ (ਪੰਜਾਬ ਮੇਲ)- ਡੈਮੋਕਰੈਟਿਕ ਪਾਰਟੀ ਵੱਲੋਂ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਸਿਹਤ ਸੰਭਾਲ ਤੇ ਕਰੋਨਾ ਮਹਾਮਾਰੀ ਜਿਹੇ ਮੁੱਦਿਆਂ ‘ਤੇ ਉਨ੍ਹਾਂ ਦੀ ਪਾਰਟੀ ਦੇ ਵਿਚਾਰ ਜ਼ਿਆਦਾਤਰ ਅਮਰੀਕੀ ਲੋਕਾਂ ਵੱਲੋਂ ਸਾਂਝੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਜਨਤਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਾਕਾਮ ਅਗਵਾਈ ਦੀ ਨਿੰਦਾ ਕਰਦੀ ਹੈ। ਉਨ੍ਹਾਂ ਟਰੰਪ ਦੀਆਂ ਉਨ੍ਹਾਂ ਟਿੱਪਣੀਆਂ ਨੂੰ ਖਾਰਜ ਕੀਤਾ, ਜਿਨ੍ਹਾਂ ‘ਚ ਉਨ੍ਹਾਂ ਹੈਰਿਸ ਨੂੰ ਇੱਕ ‘ਮਹਿਲਾ ਸਮਾਜਵਾਦੀ’ ਦੇ ਰੂਪ ‘ਚ ਦੱਸਿਆ ਸੀ। ਉਹ ਚੋਣ ਪ੍ਰਚਾਰ ਲਈ ਕਲੀਵਲੈਂਡ ‘ਚ ਸਨ। ਉਨ੍ਹਾਂ ਕਿਹਾ, ‘ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਤੇ ਮੈਨੂੰ ਆਪਣੀ ਅਮਰੀਕੀ ਦੇਸ਼ ਭਗਤੀ ‘ਤੇ ਮਾਣ ਹੈ। ਅਸਲੀਅਤ ਇਹ ਹੈ ਕਿ ਸਾਡੇ ਕੋਲ ਜੋ ਕਦਰਾਂ-ਕੀਮਤਾਂ ਹਨ, ਉਹ ਜ਼ਿਆਦਾਤਰ ਅਮਰੀਕੀ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।’ ਉਹ ਇੱਕ ਦਿਨ ਪਹਿਲਾਂ ਟਰੰਪ ਦੇ ਬਿਆਨ ‘ਤੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇ ਰਹੀ ਸੀ। ਇਸ ਦੌਰਾਨ ਡੈਮੋਕਰੈਟ ਉਮੀਦਵਾਰਾਂ ਦੇ ਹੱਕ ‘ਚ ਕਾਰ ਰੈਲੀ ਕਰਦਿਆਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀਆਂ ਨੂੰ ਟਰੰਪ ਨੂੰ ਦੂਜਾ ਕਾਰਜਕਾਲ ਨਾ ਦੇਣ ਦੀ ਅਪੀਲ ਕੀਤੀ।