ਜੋਅ ਬਾਇਡਨ ਤੇ ਡਾਕਟਰ ਫੌਚੀ ਨੂੰ ਮਾਰਨ ਤੁਰਿਆ ਵਿਅਕਤੀ ਪੁਲਿਸ ਵੱਲੋਂ ਕਾਬੂ

291
Share

ਸੈਕਰਾਮੈਂਟੋ, 1 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੁਲਿਸ ਨੇ ਕੈਲੀਫੋਰਨੀਆ ਦੇ ਇਕ ਵਿਅਕਤੀ ਨੂੰ ਲੋਵਾ ’ਚ ਗਿ੍ਰਫਤਾਰ ਕੀਤਾ ਹੈ, ਜਿਸ ਦਾ ਇਰਾਦਾ ਰਾਸ਼ਟਰਪਤੀ ਜੋਅ ਬਾਇਡਨ ਤੇ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਡਾਕਟਰ ਐਨਥਨੀ ਫੌਚੀ ਦੀ ਹੱਤਿਆ ਕਰਨਾ ਸੀ। ਪੁਲਿਸ ਅਨੁਸਾਰ 25 ਸਾਲਾ ਨੌਜਵਾਨ ਕੂਆਚੂਆ ਬਰਿਲੀਅਨ ਸੀਆਂਗ ਦੇ ਕਬਜੇ ਵਿਚੋਂ ਇਕ ਅਸਾਲਟ ਰਾਈਫਲ ਤੇ ਹੋਰ ਗੋਲੀ ਸਿੱਕਾ ਬਰਾਮਦ ਹੋਇਆ। ਉਸ ਕੋਲੋਂ ਇਕ ‘ਹਿੱਟ ਲਿਸਟ’ ਵੀ ਬਰਾਮਦ ਹੋਈ ਹੈ, ਜਿਸ ਵਿਚ ਜੋਅ ਬਾਈਡਨ ਤੇ ਡਾ. ਫੌਚੀ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਤੇ ਬਰਾਕ ਉਬਾਮਾ ਦੇ ਨਾਂ ਵੀ ਸ਼ਾਮਲ ਹਨ। ਪੁਲਿਸ ਅਨੁਸਾਰ ਸੀਆਂਗ ਨੂੰ ਉਸ ਵੇਲੇ ਗਿ੍ਰਫਤਾਰ ਕੀਤਾ, ਜਦੋਂ ਉਹ ਵਾਈਟ ਹਾਊਸ ਵੱਲ ਜਾ ਰਿਹਾ ਸੀ। ਉਹ ਬਹੁਤ ਤੇਜ਼ੀ ਨਾਲ ਗੱਡੀ ਚਲਾ ਰਿਹਾ ਸੀ ਤੇ ਉਸ ਦਾ ਵਿਵਹਾਰ ਆਮ ਨਹੀਂ ਸੀ। ਸ਼ੱਕ ਪੈਣ ’ਤੇ ਪੁਲਿਸ ਨੇ ਉਸ ਨੂੰ ਰੋਕ ਲਿਆ। ਉਸ ਨੂੰ ਹੋਰ ਪੁੱਛਗਿੱਛ ਲਈ ਕਾਸ ਕਾਊਂਟੀ ਪੁਲਿਸ ਮੁੱਖ ਦੇ ਦਫਤਰ ਲਿਜਾਇਆ ਗਿਆ। ਪੁਲਿਸ ਅਨੁਸਾਰ ਸੀਆਂਗ ਨੇ ਮੰਨਿਆ ਹੈ ਕਿ ਉਹ ਸੱਤਾਧਾਰੀ ਆਗੂਆਂ ਨੂੰ ਮਾਰਨ ਦੇ ਇਰਾਦੇ ਨਾਲ 18 ਦਸੰਬਰ ਨੂੰ ਘਰੋਂ ਨਿਕਲਿਆ ਸੀ।

Share