ਜੋਅ ਬਾਇਡਨ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਆਨਲਾਈਨ ਸੰਮੇਲਨ ਦੀ ਮੇਜ਼ਬਾਨੀ

410
Share

ਵਾਸ਼ਿੰਗਟਨ, 24 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਗੁਆਂਢੀ ਮੁਲਕ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਆਨਲਾਈਨ ਦੋ-ਪਾਸੜ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਸੰਯੁਕਤ ਤੌਰ ’ਤੇ ਦੋਹਾਂ ਗੁਆਂਢੀ ਮੁਲਕਾਂ ਵਿਚਾਲੇ ਹਿੱਸੇਦਾਰੀ ਲਈ ਇਕ ਨਵੀਂ ਪਹਿਲ ਦਾ ਉਦਘਾਟਨ ਹੋਵੇਗਾ। ਅਮਰੀਕਾ ਅਤੇ ਕੈਨੇਡਾ ਦੋਵੇਂ ਕਰੀਬੀ ਸਹਿਯੋਗੀ ਹਨ। ਜਿਹੜੇ ਦੁਨੀਆਂ ਦੀ ਸਭ ਤੋਂ ਲੰਬੀ ਜ਼ਮੀਨ ਨਾਲ ਲੱਗਦੀ ਹੱਦ ਸਾਂਝੀ ਕਰਦੇ ਹਨ। ਦੋਵੇਂ ਦੇਸ਼ਾਂ ਵਿਚਾਲੇ ਅਰਬਾਂ ਡਾਲਰ ਦਾ ਕਾਰੋਬਾਰ ਹੁੰਦਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਸਾਂਝੇ ਤੌਰ ’ਤੇ ਸਾਡੇ ਕੈਨੇਡੀਆਈ ਸਹਿਯੋਗੀ ਅਤੇ ਮਿੱਤਰਾਂ ਨਾਲ ਅਮਰੀਕਾ-ਕੈਨੇਡਾ ਸਾਂਝੇਦਾਰੀ ਕਾਰਜ ਯੋਜਨਾ ਦਾ ਉਦਘਾਟਨ ਕਰਨਗੇ।
ਵ੍ਹਾਈਟ ਹਾਊਸ ਨੇ ਦੱਸਿਆ ਕਿ ਉਹ ਆਪਸੀ ਸਾਂਝੇ ਮੁੱਲਾਂ, ਕੋਵਿਡ-19 ਮਹਾਮਾਰੀ, ਗਲੋਬਲ ਸਿਹਤ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀਆਂ ਆਪਸੀ ਚਿੰਤਾਵਾਂ, ਰੱਖਿਆ ਅਤੇ ਸੁਰੱਖਿਆ ਖੇਤਰ ਦੀ ਸਾਂਝੀ ਪਹਿਲ ਦੀਆਂ ਵਚਨਬੱਧਤਾਵਾਂ ’ਤੇ ਆਧਾਰਿਤ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨੇ ਦੇਸ਼ ’ਚ 21 ਮਾਰਚ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ। ਇਥੇ ਰਹਿਣ ਵਾਲੇ ਲੋਕ ਹੁਣ ਗੈਰ-ਜ਼ਰੂਰੀ ਕੰਮਾਂ ਲਈ ਯਾਤਰਾ ਨਹੀਂ ਕਰ ਸਕਣਗੇ। ਇਨ੍ਹਾਂ ਦੇਸ਼ਾਂ ਵਿਚ ਯਾਤਰਾ ਕਰਨ ਲਈ ਲੋਕਾਂ ਨੂੰ ਕਾਰਣ ਦੱਸਣਾ ਲਾਜ਼ਮੀ ਹੋਵੇਗਾ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੁਲਾਈ ਤੱਕ ਹਰ ਅਮਰੀਕੀ ਨੂੰ ਟੀਕਾ ਲਗਾਉਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ’ਤੇ ਫਾਈਜ਼ਰ ਟੀਕਾ ਕੰਪਨੀ ਨੇ ਕਿਹਾ ਹੈ ਕਿ ਉਹ ਹਰ ਹਫਤੇ ਅਮਰੀਕਾ ਨੂੰ ਇਕ ਕਰੋੜ ਡੋਜ਼ ਦੇਵੇਗੀ।

Share