ਜੈਸ਼ ਮੁਖੀ ਮਸੂਦ ਅਜ਼ਹਰ ਦੇ ਭਰਾ ਨੂੰ ਬਲੈਕਲਿਸਟ ਕਰਨ ’ਤੇ ਚੀਨ ਨੇ ਪਾਇਆ ਅੜਿੱਕਾ

61
Share

ਅਮਰੀਕਾ ਅਤੇ ਭਾਰਤ ਨੇ ਪਾਕਿਸਤਾਨੀ ਦਹਿਸ਼ਤਗਰਦ ਅਬਦੁਲ ਰਊਫ਼ ਅਜ਼ਹਰ ਨੂੰ ਕਾਲੀ ਸੂਚੀ ਵਿੱਚ ਪਾਉਣ ਦੀ ਦਿੱਤੀ ਸੀ ਤਜਵੀਜ਼
ਸੰਯੁਕਤ ਰਾਸ਼ਟਰ, 11 ਅਗਸਤ (ਪੰਜਾਬ ਮੇਲ)- ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਅਤੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਦੇ ਨੰਬਰ ਦੋ ਅਬਦੁਲ ਰਊਫ ਅਜ਼ਹਰ ਨੂੰ ਬਲੈਕਲਿਸਟ ਕਰਨ ਦੇ ਅਮਰੀਕਾ ਅਤੇ ਭਾਰਤ ਦੇ ਪ੍ਰਸਤਾਵ ’ਤੇ ਚੀਨ ਨੇ ਇਕ ਵਾਰ ਫਿਰ ਰੋਕ ਲਗਾ ਦਿੱਤੀ ਹੈ। ਚੀਨ ਨੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਅਜਿਹਾ ਕਦਮ ਚੁੱਕਿਆ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਚੀਨ ਦੀ ਪ੍ਰਧਾਨਗੀ ’ਚ ਸੁਰੱਖਿਆ ਪ੍ਰੀਸ਼ਦ ਦੀ ਬੈਠਕ ’ਚ ਕਿਹਾ ਕਿ ਬਿਨਾਂ ਕੋਈ ਜਾਇਜ਼ ਕਾਰਨ ਦੱਸੇ ਅੱਤਵਾਦੀਆਂ ਨੂੰ ਕਾਲੀ ਸੂਚੀ ਵਿੱਚ ਪਾਉਣ ਦੀ ਬੇਨਤੀ ’ਤੇ ਰੋਕ ਲਾਉਣ ਦੇ ਅਮਲ ਨੂੰ ਰੋਕਣਾ ਚਾਹੀਦਾ ਹੈ।¿; ਉਨ੍ਹਾਂ ਕਿਹਾ ਕਿ ਕਿਸੇ ’ਤੇ ਪਾਬੰਦੀ ਲਗਾਉਣ ਦੀ ਕਾਰਵਾਈ ਦੀ ਭਰੋਸੇਯੋਗਤਾ ਹਾਲ ਦੀ ਘੜੀ ਸਭ ਤੋਂ ਹੇਠਲੇ ਪੱਧਰ ’ਤੇ ਹੈ। 1974 ’ਚ ਪਾਕਿਸਤਾਨ ’ਚ ਜਨਮੇ ਅਬਦੁਲ ਰਊਫ ਅਜ਼ਹਰ ’ਤੇ ਅਮਰੀਕਾ ਨੇ ਦਸੰਬਰ 2010 ’ਚ ਪਾਬੰਦੀ ਲਗਾ ਦਿੱਤੀ ਸੀ। ਉਹ 1999 ਵਿੱਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈਸੀ-814 ਨੂੰ ਅਗਵਾ ਕਰਨ ਦਾ ਮੁੱਖ ਸਾਜ਼ਿਸ਼ਘਾੜਾ ਸੀ, ਜਿਸ ਦੇ ਬਦਲੇ ਵਿੱਚ ਉਸ ਦੇ ਭਰਾ ਮਸੂਦ ਅਜ਼ਹਰ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।

Share