ਜੇ ਮੈਂ ਸਮੇਂ ਸਿਰ ਕਾਰਵਾਈ ਨਾ ਕਰਦਾ, ਤਾਂ ਹੋ ਸਕਦੀ ਸੀ 15 ਤੋਂ 20 ਲੱਖ ਅਮਰੀਕੀਆਂ ਦੀ ਮੌਤ : ਟਰੰਪ

810

ਵਾਸ਼ਿੰਗਟਨ, 29 ਮਈ (ਪੰਜਾਬ ਮੇਲ)-ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਚੀਨ ਉਪਰ ਸ਼ਬਦੀ ਹਮਲਾ ਕਰਦਿਆਂ ਕੋਰੋਨਾਵਾਇਰਸ ਨੂੰ ‘ਚੀਨੀ ਵਾਇਰਸ’ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਚੀਨ ‘ਚ ਹੀ ਖਤਮ ਕੀਤਾ ਜਾ ਸਕਦਾ ਸੀ। ਟਰੰਪ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਆਪਣੀ ਪਿੱਠ ਥਪਥਪਾਈ ਅਤੇ ਕਿਹਾ ਕਿ ਜੇਕਰ ਸਮੇਂ ਸਿਰ ਉਹ ਕਾਰਵਾਈ ਨਾ ਕਰਦੇ ਤਾਂ ਮੌਤਾਂ ਦੀ ਗਿਣਤੀ ਜੋ ਇਸ ਸਮੇਂ 1 ਲੱਖ ਜਾਂ ਕੁਝ ਵਧ ਸਕਦੀ ਹੈ, 15 ਤੋਂ 20 ਲੱਖ ਤੱਕ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਬਹੁਤ ਛੇਤੀ ਚੀਨ ਤੋਂ ਦੇਸ਼ ਵਿਚ ਦਾਖਲ ਹੁੰਦੇ ਲੋਕਾਂ ਨੂੰ ਰੋਕਿਆ। ਟਰੰਪ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੁੱਕੇ ਗਏ ਕਦਮਾਂ ਸਦਕਾ ਕੋਰੋਨਾ ਮਹਾਮਾਰੀ ਉਪਰ ਕਾਬੂ ਪਾਇਆ ਜਾ ਸਕਿਆ। ਮੌਤਾਂ ਅਤੇ ਨਵੇਂ ਮਰੀਜ਼ਾਂ ਦੀ ਦਰ ਵਿਚ ਕਮੀ ਆਈ। ਇਸ ਦਰਮਿਆਨ ਅਮਰੀਕਾ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ ਹੈ। ਟਰੰਪ ਨੇ 3 ਦਿਨ ਪਹਿਲਾਂ ਹੀ ਮੌਤਾਂ ਦੀ ਗਿਣਤੀ ਇਕ ਲੱਖ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ।
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ 767 ਮਰੀਜ਼ ਹੋਰ ਦਮ ਤੋੜ ਗਏ ਹਨ, ਜਿਨ੍ਹਾਂ ਨਾਲ ਮੌਤਾਂ ਦੀ ਗਿਣਤੀ 1,00,572 ਹੋ ਗਈ ਹੈ। 18549 ਕੋਰੋਨਾ ਨਾਲ ਪ੍ਰਭਾਵਿਤ ਨਵੇਂ ਮਰੀਜ਼ ਹਸਪਤਾਲਾਂ ‘ਚ ਆਏ ਹਨ, ਜਿਨ੍ਹਾਂ ਨਾਲ ਪੀੜਤਾਂ ਦੀ ਕੁਲ ਗਿਣਤੀ 17,25,275 ਹੋ ਗਈ ਹੈ। 15299 ਮਰੀਜ਼ ਠੀਕ ਹੋਏ ਹਨ। ਠੀਕ ਹੋਏ ਮਰੀਜ਼ਾਂ ਦੀ ਕੁਲ ਗਿਣਤੀ 479969 ਹੋ ਗਈ ਹੈ। ਤੰਦਰੁਸਤ ਹੋਣ ਦੀ ਦਰ ਵਿਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਇਹ ਦਰ 83% ‘ਤੇ ਪੁੱਜ ਗਈ ਹੈ, ਜਦਕਿ ਮੌਤ ਦਰ ਘਟ ਕੇ 17% ਹੋ ਗਈ ਹੈ। ਆਸ ਕੀਤੀ ਜਾਂਦੀ ਹੈ ਕਿ ਅਗਲੇ ਦਿਨਾਂ ਦੌਰਾਨ ਮਰੀਜ਼ਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਆਵੇਗਾ।

ਟਰੰਪ ਨੇ ਬਿਡੇਨ ਦਾ ਉਡਾਇਆ ਮਜ਼ਾਕ
ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਦੀ ਇਕ ਤਸਵੀਰ ਟਵਿਟਰ ਉਪਰ ਆਪਣੇ 8 ਕਰੋੜ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਜਿਸ ਵਿਚ ਬਿਡੇਨ ਮੈਮੋਰੀਅਲ ਦਿਵਸ ਮੌਕੇ ਮਾਸਕ ਪਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਤਸਵੀਰ ਵਿਚ ਬਿਡੇਨ ਨੇ ਕਾਲੇ ਮਾਸਕ ਨਾਲ ਤਕਰੀਬਨ ਸਾਰਾ ਚਿਹਰਾ ਢਕਿਆ ਹੋਇਆ ਹੈ ਅਤੇ ਐਨਕਾਂ ਲਾਈਆਂ ਹੋਈਆਂ ਹਨ। ਕੰਜ਼ਰਵੇਟਿਵ ਰਾਜਸੀ ਵਿਸ਼ਲੇਸ਼ਣਕਾਰ ਕੋਲੋਂ ਲਈ ਇਸ ਤਸਵੀਰ ਦੇ ਹੇਠਾਂ ਕੈਪਸ਼ਨ ਇਸ ਤਰ੍ਹਾਂ ਲਿਖੀ ਹੋਈ ਹੈ। ਇਹ ਤਸਵੀਰ ਇਹ ਸਮਝਣ ਵਿਚ ਮਦਦ ਕਰੇਗੀ ਕਿ ਟਰੰਪ ਜਨਤਕ ਤੌਰ ‘ਤੇ ਮਾਸਕ ਪਾਉਣਾ ਕਿਉਂ ਨਹੀਂ ਪਸੰਦ ਕਰਦਾ। ਇਸ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਨਵੰਬਰ ਵਿਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਿਡੇਨ ਨੇ ਟਰੰਪ ਦਾ ਮਜ਼ਾਕ ਉਡਾਇਆ।