ਜੇਕਰ ਮੈਂ ਹਾਰਿਆ, ਤਾਂ ਦੇਸ਼ ਲਈ ਬਹੁਤ ਬੁਰਾ ਹੋਵੇਗਾ : ਟਰੰਪ

564
Share

ਵਾਸ਼ਿੰਗਟਨ, 14 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਖਦਸ਼ਿਆਂ ਨੂੰ ਖਾਰਿਜ ਕਰ ਦਿੱਤਾ, ਜਿਨ੍ਹਾਂ ਵਿਚ ਇਹ ਡਰ ਜ਼ਾਹਿਰ ਕੀਤਾ ਗਿਆ ਹੈ ਕਿ ਜੇਕਰ ਟਰੰਪ ਨਵੰਬਰ ‘ਚ ਚੋਣ ਹਾਰਦੇ ਹਨ, ਤਾਂ ਉਹ ਆਪਣੀ ਮਰਜ਼ੀ ਨਾਲ ਦਫਤਰ ਨਹੀਂ ਛੱਡਣਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਮੁੜ ਨਹੀਂ ਚੁਣੇ ਜਾਂਦੇ, ਤਾਂ ਇਹ ਦੇਸ਼ ਦੇ ਲਈ ਬੁਰਾ ਹੋਵੇਗਾ। ਫਿਲਹਾਲ ਰਾਸ਼ਟਰਪਤੀ ਨੇ ਕਦੇ ਵੀ ਅਜਿਹੇ ਸੰਕੇਤ ਨਹੀਂ ਦਿੱਤੇ ਕਿ ਜੇਕਰ ਉਹ ਅਗਲੀ ਚੋਣ ਹਾਰ ਜਾਂਦੇ ਹਨਠ ਤਾਂ ਦਫਤਰ ਨਹੀਂ ਛੱਡਣਗੇ।
ਸ਼ੁੱਕਰਵਾਰ ਨੂੰ ਫਾਕਸ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਇਕ ਇੰਟਰਵਿਊ ‘ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨਿਸ਼ਚਿਤ ਤੌਰ ‘ਤੇ ਜੇਕਰ ਮੈਂ ਨਹੀਂ ਜਿੱਤਿਆ, ਤਾਂ ਨਹੀਂ ਜਿੱਤਿਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਨਵੰਬਰ ਵਿਚ ਹੋਣ ਵਾਲੀ ਚੋਣ ਵਿਚ ਹਾਰ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਜਾਓ, ਕੋਈ ਹੋਰ ਕੰਮ ਕਰੋ। ਨਾਲ ਹੀ ਟਰੰਪ ਨੇ ਪੁੱਛਿਆ ਕਿ ਜੇਕਰ ਮੈਂ ਚੋਣ ਹਾਰਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਦੇਸ਼ ਦੇ ਲਈ ਬਹੁਤ ਹੀ ਬੁਰਾ ਹੋਵੇਗਾ। ਆਉਣ ਵਾਲੀ ਰਾਸ਼ਟਰਪਤੀ ਚੋਣ ‘ਚ ਰਿਪਬਲਿਕਨ ਪਾਰਟੀ ਦੇ ਟਰੰਪ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਤੇ ਸਾਬਕਾ ਉਪ-ਰਾਸ਼ਟਰਪਤੀ ਜੋਅ ਬਿਡੇਨ ਨਾਲ ਹੋ ਸਕਦਾ ਹੈ।
ਟਰੰਪ ਦਾ ਤਿੰਨ ਸਾਲ ਦਾ ਕਾਰਜਕਾਲ ਸ਼ਾਂਤੀਪੂਰਨ ਤੇ ਖੁਸ਼ਹਾਲੀ ਭਰਿਆ ਰਿਹਾ ਪਰ ਹਾਲ ਹੀ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਣ ਇਕ ਲੱਖ ਲੋਕਾਂ ਦੀ ਮੌਤ ਹੋਣ ਤੇ ਅਰਥਵਿਵਸਥਾ ਨੂੰ ਹੋਏ ਨੁਕਸਾਨ ਦੇ ਕਾਰਣ ਚਾਰ ਕਰੋੜ ਲੋਕਾਂ ਦੇ ਬੇਰੋਜ਼ਗਾਰ ਹੋਣ ਦੇ ਨਾਲ ਹੀ ਅਫਰੀਕੀ-ਅਮਰੀਕੀ ਮੂਲ ਦੇ ਗੈਰ-ਗੋਰੇ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਸਮਾਜਿਕ ਉਥਲ-ਪੁਥਲ ਦੇ ਚੱਲਦੇ ਉਨ੍ਹਾਂ ਦੀ ਕੁਰਸੀ ਖਤਰੇ ਵਿਚ ਪੈ ਸਕਦੀ ਹੈ।


Share