ਜੇਕਰ ਬੇਅਦਬੀ ਦੇ ਮਾਮਲਿਆਂ ਵਿੱਚ ਐਸ.ਆਈ.ਟੀ. ਕਿਸੇ ਵੀ ਵੱਡੇ ਪੁਲਿਸ ਅਧਿਕਾਰੀ ਜਾਂ ਸਿਆਸਤਦਾਨ ਖਿਲਾਫ ਕੇਸ ਦਰਜ ਕਰਦੀ ਹੈ ਤਾਂ ਦਖਲਅੰਦਾਜ਼ੀ ਨਹੀਂ ਕਰਾਂਗਾ: ਮੁੱਖ ਮੰਤਰੀ

319
Share

ਚਾਰ ਸਾਲ ਪੂਰੇ ਹੋਣ ’ਤੇ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ-4 (ਬੇਅਦਬੀ ਤੇ ਮਾਫੀਆ)
ਚੰਡੀਗੜ, 18 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਜਲਦੀ ਹੀ ਆਪਣੀ ਜਾਂਚ ਮੁਕੰਮਲ ਕਰ ਲਵੇਗੀ ਅਤੇ ਜੇਕਰ ਉਹ ਕਿਸੇ ਵੀ ਸੀਨੀਅਰ ਪੁਲਿਸ ਅਧਿਕਾਰੀ ਜਾਂ ਸਿਆਸਤਦਾਨ ਖਿਲਾਫ ਚਲਾਨ ਪੇਸ਼ ਕਰਨ ਦਾ ਫੈਸਲਾ ਕਰੇਗੀ ਤਾਂ ਉਹ ਦਖਲਅੰਦਾਜ਼ੀ ਨਹੀਂ ਕਰਨਗੇ।
ਮੁੱਖ ਮੰਤਰੀ ਦੀ ਇਹ ਟਿੱਪਣੀ ਐਸ.ਆਈ.ਟੀ. ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਉਸ ਬਿਆਨ ਤੋਂ ਦੋ ਦਿਨ ਬਾਅਦ ਆਈ ਜਿਸ ਵਿੱਚ ਉਨਾਂ ਕਿਹਾ ਸੀ ਕਿ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਵਿੱਚ ਅੰਤਿਮ ਸਪਲੀਮੈਂਟਰੀ ਚਲਾਨ ਜਲਦੀ ਹੀ ਫਰੀਦਕੋਟ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਐਸ.ਆਈ.ਟੀ. ਵੱਲੋਂ ਦੋ ਕੇਸਾਂ ਵਿੱਚ 9 ਚਲਾਨ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਹਨ।
ਸੂਬਾ ਸਰਕਾਰ ਦੇ ਚਾਰ ਵਰੇ ਪੂਰੇ ਹੋਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਜਾਣਬੁੱਝ ਕੇ ਮਾਮਲੇ ਵਿੱਚ ਦੇਰੀ ਕੀਤੀ ਗਈ ਪਰ ਪੰਜਾਬ ਪੁਲਿਸ ਵੱਲੋਂ ਹੁਣ ਫਾਈਲਾਂ ਹਾਸਲ ਕਰ ਲਈਆਂ ਗਈਆਂ ਹਨ ਅਤੇ ਸਭ ਕੁੱਝ ਕੰਟਰੋਲ ਹੇਠ ਹੈ।
ਉਨਾਂ ਕਿਹਾ ਕਿ ਕੇਸਾਂ ਦੀ ਜਾਂਚ ਕਾਨੂੰਨੀ ਸਿੱਟੇ ਤੱਕ ਪੂਰੀ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਚਾਹੇ ਉਹ ਕੋਈ ਵੀ ਹੋਵੇ।
ਆਪਣੀ ਸਰਕਾਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਗਿਣਾਉਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਬਾਰੇ ਉਨਾਂ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਸੀ। ਮੀਡੀਆ ਵੱਲੋਂ ਕੀਤੇ ਜਾ ਰਹੇ ਗਲਤ ਦਾਅਵਿਆਂ ਦੇ ਉਲਟ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨਾਂ ਨੇ ਇਹ ਕਦੇ ਵੀ ਨਹੀਂ ਕਿਹਾ ਸੀ ਕਿ ਉਹ ਡਰੱਗ ਮਾਫੀਆ ਦਾ ਮੁਕੰਮਲ ਤੌਰ ਉਤੇ ਸਫਾਇਆ ਕਰ ਦੇਣਗੇ।  ਉਨਾਂ ਕਿਹਾ, ‘‘ਮੈਂ ਇਹ ਸਪੱਸ਼ਟ ਕਿਹਾ ਸੀ- ਮੈਂ ਨਸ਼ਿਆਂ ਦਾ ਲੱਕ ਤੋੜਾਂਗਾ।’’
ਪੰਜਾਬ ਪੁਲਿਸ ਦੇ ਆਪ੍ਰੇਸ਼ਨ ਰੈਡ ਰੋਜ਼ ਦੀ ਸਫਲਤਾ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਸੂਬੇ ਵਿੱਚ ਨਸ਼ੇ ਦੀ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ।
ਇਸੇ ਤਰਾਂ ਗੈਰ-ਕਾਨੂੰਨੀ ਸ਼ਰਾਬ ਦੇ ਮਾਮਲੇ ਵਿੱਚ ਉਨਾਂ ਕਿਹਾ ਕਿ ਪਿਛਲੇ ਸਾਲ ਦੇ ਨਕਲੀ ਸ਼ਰਾਬ ਦੇ ਦੁਖਾਂਤ ਦੇ ਸਾਰੇ ਦੋਸ਼ੀਆਂ ਅਤੇ ਖੰਨਾ ਗੈਰ-ਕਾਨੂੰਨੀ ਫੈਕਟਰੀ ਕੇਸ ਦੀ ਸ਼ਨਾਖਤ ਕਰ ਕੇ ਚਾਰਜਸ਼ੀਟ ਕਰਨ ਦੇ ਨਾਲ ਸਪਲਾਈ ਚੇਨ ਤੋੜ ਦਿੱਤੀ ਗਈ ਹੈ। ਉਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਕਾਨੂੰਨੀ ਪ੍ਰਣਾਲੀ ਹੌਲੀ ਚੱਲਦੀ ਹੈ ਜਿਸ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਦੇਰੀ ਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਮਾਫੀਆ (ਰੇਤ, ਸ਼ਰਾਬ, ਟਰਾਂਸਪੋਰਟ, ਨਸ਼ਾ ਆਦਿ) ਨੂੰ ਖਤਮ ਕਰਨ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਇਨਾਂ ਦਾ ਲੱਕ ਬੁਰੀ ਤਰਾਂ ਤੋੜ ਦਿੱਤਾ ਗਿਆ ਹੈ ਪਰ ਉਨਾਂ ਕਿਹਾ ਕਿ ਇਹ ਹੌਲੀ-ਹੌਲੀ ਪ੍ਰਕਿਰਿਆ ਹੈ ਅਤੇ ਇਹ ਇਕ ਦਿਨ ਵਿੱਚ ਨਹੀਂ ਹੋ ਸਕਦਾ।
ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਰੇਤੇ ਰਾਹੀਂ ਹੁੰਦੀ 35 ਕਰੋੜ ਰੁਪਏ ਦੀ ਆਮਦਨ ਮੌਜੂਦਾ ਸਮੇਂ ਵਿੱਚ ਵਧ ਹੋ ਕੇ 350 ਕਰੋੜ ਰੁਪਏ ਤੱਕ ਪੁੱਜ ਜਾਣ ਬਾਰੇ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਪ੍ਰਗਤੀ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੀ ਹੈ। ਇਸੇ ਤਰਾਂ ਸ਼ਰਾਬ ਦੀ ਖਰੀਦ ਤੋਂ ਆਬਕਾਰੀ ਕਮਾਈ ਜਿਹੜੀ ਅਕਾਲੀ ਸਰਕਾਰ ਸਮੇਂ 4300 ਕਰੋੜ ਰੁਪਏ ਸੀ, ਉਹ ਮੌਜੂਦਾ ਵਿੱਤੀ ਵਰੇ ਵਿੱਚ 7200 ਕਰੋੜ ਰੁਪਏ ਹੋ ਗਈ ਹੈ। ਉਨਾਂ ਖੁਲਾਸਾ ਕੀਤਾ ਕਿ ਇਹ ਸਭ ਕੋਵਿਡ ਦੀ ਸਥਿਤੀ ਕਾਰਨ ਪੈਦਾ ਹੋਈਆਂ ਸਮੱਸਿਆਂ ਦੇ ਬਾਵਜੂਦ ਸੰਭਵ ਹੋਇਆ ਹੈ।
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਜੋ ਮੌਜੂਦਾ ਸਮੇਂ ਪੰਜਾਬ ਦੀ ਜੇਲ ਵਿੱਚ ਬੰਦ ਹੈ ਜਿਸ ਦੀ ਉਤਰ ਪ੍ਰਦੇਸ਼ ਵੱਲੋਂ ਸਪੁਰਦਗੀ ਮੰਗੀ ਗਈ ਹੈ, ਖਿਲਾਫ ਅਪਰਾਧਿਕ ਮਾਮਲਿਆਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਮਲਾ ਅਦਾਲਤ ਦੇ ਅਧੀਨ ਹੈ। ਪਰ ਉਨਾਂ ਕਿਹਾ ਕਿ ਜੇ ਅੰਸਾਰੀ ਨੇ ਪੰਜਾਬ ਵਿੱਚ ਜੁਰਮ ਕੀਤਾ ਹੈ ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।


Share