ਜੂਨ ਦੇ ਮੱਧ ਜਾਂ ਜੁਲਾਈ ਦੇ ਅਖੀਰ ਤੱਕ ਸ਼ੁਰੂ ਹੋ ਸਕਦੀਆਂ ਨੇ ਅੰਤਰਰਾਸ਼ਟਰੀ ਹਵਾਈ ਸੇਵਾ!

751
Share

ਨਵੀਂ ਦਿੱਲੀ, 27 ਮਈ (ਪੰਜਾਬ ਮੇਲ)-ਕੌਮਾਂਤਰੀ ਹਵਾਈ ਸੇਵਾਵਾਂ ਸ਼ੁਰੂ ਕਰਨ ਲਈ ਏਅਰਪੋਰਟ ਅਥਾਰਟੀ ਅਤੇ ਹਵਾਈ ਕੰਪਨੀਆਂ ਨੂੰ ਪੂਰੀ ਤਰ੍ਹਾਂ ਤਿਆਰ ਦੱਸਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੌਮਾਂਤਰੀ ਉਡਾਣ ਸੇਵਾਵਾਂ ਜੂਨ ਦੇ ਮੱਧ ਜਾਂ ਜੁਲਾਈ ਦੇ ਆਖ਼ਰ ਤੱਕ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਪੁਰੀ ਨੇ ਇਸ ਬਿਆਨ ਦੇ ਨਾਲ ਇਹ ਵੀ ਕਿਹਾ ਕਿ ਜੇਕਰ ਕੋਵਿਡ-19 ਵਾਇਰਸ ਸੰਭਾਵਿਤ ਢੰਗ ਨਾਲ ਚੱਲਦਾ ਹੈ ਅਤੇ ਅਸੀਂ ਕੁਝ ਪ੍ਰਬੰਧ ਕਰਨ ਦੀ ਸਥਿਤੀ ‘ਚ ਹੁੰਦੇ ਹਾਂ, ਤਾਂ ਜੂਨ ਮੱਧ ਜਾਂ ਜੁਲਾਈ ‘ਚ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਹਵਾਬਾਜ਼ੀ ਮੰਤਰੀ ਨੇ ਸ਼ਨਿਚਰਵਾਰ ਨੂੰ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਲਾਈਵ ਗੱਲਬਾਤ ਕਰਦਿਆਂ ਉਕਤ ਬਿਆਨ ਦਿੱਤਾ। ਪੁਰੀ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਪ੍ਰਭਾਵ ਰੋਕਣ ਲਈ ਲਾਈ ਤਾਲਾਬੰਦੀ ਦੇ ਸ਼ੁਰੂ ਹੋਣ ਤੋਂ ਅੱਡਿਆਂ ‘ਤੇ ਖੜ੍ਹੇ ਹਵਾਈ ਜਹਾਜ਼ਾਂ ਨੂੰ ਮੁੜ ਉਡਾਣ ਭਰਨ ਲਈ ਤਿਆਰ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ। ਪੁਰੀ ਨੇ ਪਹਿਲਾਂ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਅਗਸਤ-ਸਤੰਬਰ ਤੋਂ ਪਹਿਲਾਂ ਕੌਮਾਂਤਰੀ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਫਿਰ ਕੁਝ ਦੇਰ ਬਾਅਦ ਮੁੜ ਆਪਣੇ ਹੀ ਬਿਆਨ ਤੋਂ ਪਰਤਦਿਆਂ ਉਨ੍ਹਾਂ ਕਿਹਾ ਕਿ ਅਗਸਤ-ਸਤੰਬਰ ਤੱਕ ਇੰਤਜ਼ਾਰ ਕਿਉਂ ਕਰਨਾ? ਜੇਕਰ ਹਾਲਾਤ ਬਿਹਤਰ ਹੁੰਦੇ ਅਤੇ ਇਸ ਵਾਇਰਸ ਦੇ ਨਾਲ ਜਿਊਣ ਦਾ ਕੋਈ ਰਸਤਾ ਕੱਢ ਲੈਂਦਾ ਹਾਂ, ਤਾਂ ਜੂਨ ਮੱਧ ਜਾਂ ਜੁਲਾਈ ‘ਚ ਕੌਮਾਂਤਰੀ ਉਡਾਣਾਂ ਕਿਉਂ ਨਹੀਂ ਸ਼ੁਰੂ ਕੀਤੀਆਂ ਜਾ ਸਕਦੀਆਂ। ਮੰਤਰੀ ਨੇ ਗੱਲਬਾਤ ਦੌਰਾਨ ਸਬੰਧਿਤ ਕੇਸਾਂ ਬਾਰੇ ਵੱਡਾ ਬਿਆਨ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਮੁਸਾਫ਼ਿਰਾਂ ਦੇ ਫ਼ੋਨ ਦੇ ਆਰੋਗਿਆ ਸੇਤੂ ਐਪ ‘ਚ ਉਸ ਦਾ ਸਟੇਟਸ ਗ੍ਰੀਨ ਹੁੰਦਾ ਹੈ, ਤਾਂ ਉਨ੍ਹਾਂ ਨੂੰ ਇਕਾਂਤਵਾਸ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਪੁਰੀ ਦਾ ਬਿਆਨ ਉਸ ਵੇਲੇ ਆਇਆ ਹੈ, ਜਦੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਕੇਰਲ, ਕਰਨਾਟਕ ਅਤੇ ਆਸਾਮ ਸਮੇਤ 6 ਰਾਜਾਂ ਨੇ ਅਪੀਲ ਕੀਤੀ ਹੈ ਕਿ ਘਰੇਲੂ ਉਡਾਣਾਂ ਨਾਲ ਇਨ੍ਹਾਂ ਰਾਜਾਂ ‘ਚ ਪਹੁੰਚ ਰਹੇ ਮੁਸਾਫ਼ਰਾਂ ਨੂੰ ਇਕਾਂਤਵਾਸ ‘ਚ ਰੱਖਿਆ ਜਾਵੇਗਾ। 25 ਮਈ ਤੋਂ 33 ਫ਼ੀਸਦੀ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਉਡਾਣਾਂ ਤੋਂ ਪਹਿਲਾਂ ਫੇਸਬੁੱਕ ਲਾਈਵ ‘ਚ ਪੁਰੀ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ। ਹਾਲਾਂਕਿ ਲੋਕਾਂ ਨੇ ਕਾਫ਼ੀ ਸਵਾਲ ਟਿਕਟਾਂ ਦੀ ਰਕਮ ਦੇ ਰਿਫੰਡ ਨੂੰ ਲੈ ਕੇ ਵੀ ਪੁੱਛੇ ਪਰ ਪੁਰੀ ਨੇ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਸੇਧਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਨੂੰ ਹਵਾਈ ਕੰਪਨੀਆਂ ਹੀ ਵੇਖਣਗੀਆਂ।


Share