ਜੁਲਾਈ 2020 ਦੌਰਾਨ ਪੰਜਾਬ ਨੂੰ ਕੁੱਲ 1103.31 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ

564
Share

ਬੀਤੇ ਵਰੇ ਜੁਲਾਈ ਮਹੀਨੇ ਦੇ 1215.99 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਆਈ ਗਿਰਾਵਟ
ਕੋਵਿਡ-19 ਕਾਰਨ ਗਿਰਾਵਟ ਦਰ 9.26 ਫੀਸਦੀ ਰਹੀ
ਚੰਡੀਗੜ, 4 ਅਗਸਤ (ਪੰਜਾਬ ਮੇਲ)- ਪੰਜਾਬ ਦਾ ਜੁਲਾਈ 2020 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 1103.31 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 1215.99 ਕਰੋੜ ਸੀ, ਜੋ ਕਿ ਇਸ ਸਾਲ 9.26 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਧਿਆਨ ਦੇਣ ਯੋਗ ਹੈ ਕਿ ਕੋਵਿਡ-19 ਕਾਰਨ ਟੈਕਸ ਦਾਤਾਵਾਂ ਨੂੰ ਫਰਵਰੀ, ਮਾਰਚ ਅਤੇ ਅਪਰੈਲ 2020 ਦੇ ਮਹੀਨਿਆਂ ਦੀ ਰਿਟਰਨ ਭਰਨ ਲਈ ਰਾਹਤ ਪ੍ਰਦਾਨ ਕੀਤੀ ਗਈ ਸੀ ਅਤੇ ਪਿਛਲੇ ਸਾਲ 5 ਕਰੋੜ ਤੋਂ ਘੱਟ ਟਰਨ ਓਵਰ ਵਾਲੇ ਟੈਕਸ ਦਾਤਾਵਾਂ ਨੂੰ ਸਤੰਬਰ 2020 ਤੱਕ ਰਿਟਰਨ ਭਰਨ ਵਿੱਚ ਢਿੱਲ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕਰ ਕਮਿਸ਼ਨਰ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਪਰੈਲ ਤੋਂ ਜੁਲਾਈ 2020 ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 2643.28 ਕਰੋੜ ਰੁਪਏ ਸੀ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 4252.03 ਕਰੋੜ ਰੁਪਏ ਸੀ। ਇਸ ਤਰਾਂ 37.83 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 1103.31 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ 46 ਫੀਸਦੀ ਬਣਦਾ ਹੈ। ਇਸ ਤਰਾਂ ਜੁਲਾਈ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1299.69 ਕਰੋੜ ਹੈ। ਜੁਲਾਈ ਦੇ ਮਹੀਨੇ ਵਿੱਚ ਸੂਬੇ ਨੂੰ ਮਾਰਚ 2020 ਮਹੀਨੇ ਦੇ ਮੁਆਵਜ਼ੇ ਵਜੋਂ 1077.35 ਕਰੋੜ ਪ੍ਰਾਪਤ ਹੋਏ ਹਨ। ਅਪਰੈਲ ਤੋਂ ਜੂਨ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 5669 ਕਰੋੜ ਹੈ, ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ।
ਜੀ.ਐਸ.ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਅਤੇ ਸੀ.ਐਸ.ਟੀ. ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ। ਵੈਟ ਅਤੇ ਸੀ.ਐਸ.ਟੀ. ਇਕੱਤਰ ਕਰਨ ਵਿੱਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਹਨ। ਜੁਲਾਈ 2020 ਦੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਦੀ ਕੁਲੈਕਸ਼ਨ 482.37 ਕਰੋੜ ਹੈ, ਜਦੋਂ ਕਿ ਜੁਲਾਈ 2019 ਦੇ ਮਹੀਨੇ ਲਈ ਇਹ ਕਲੈਕਸ਼ਨ 519.82 ਕਰੋੜ ਸੀ। ਜੁਲਾਈ ਮਹੀਨੇ ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਮਾਲੀਏ ਨਾਲੋਂ 7.2 ਫੀਸਦੀ ਘੱਟ ਹੈ। ਅਪਰੈਲ ਤੋਂ ਜੁਲਾਈ 2020 ਲਈ ਵੈਟ ਅਤੇ ਸੀ.ਐਸ.ਟੀ. ਕੁੱਲ ਮਾਲੀਆ 1492.65 ਕਰੋੜ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਪੀਰੀਅਡ ਲਈ 2002.21 ਕਰੋੜ ਸੀ, ਜੋ ਕਿ 25.44 ਫੀਸਦੀ ਦੀ ਗਿਰਾਵਟ ਨੂੰ ਦਰਸਾਉਦਾ ਹੈ।
ਇਹ ਜ਼ਿਕਰਯੋਗ ਹੈ ਕਿ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਸੰਗ੍ਰਹਿ ਜੁਲਾਈ 2020 ਦੇ ਮਹੀਨੇ ਦੌਰਾਨ 87422 ਕਰੋੜ ਰੁਪਏ ਹੈ, ਜਿਸ ਵਿੱਚ ਸੀ.ਜੀ.ਐਸ.ਟੀ. ਦੀ 16,147 ਕਰੋੜ, ਐਸ.ਜੀ.ਐਸ.ਟੀ. 21418 ਕਰੋੜ ਰੁਪਏ, ਆਈ.ਜੀ.ਐਸ.ਟੀ. 42592 ਕਰੋੜ ਰੁਪਏ (ਮਾਲ ਦੀ ਦਰਾਮਦ ’ਤੇ ਇਕੱਤਰ ਕੀਤੀ 20324 ਕਰੋੜ ਰੁਪਏ) ਅਤੇ ਸੈੱਸ 7265 ਕਰੋੜ ਹੈ। ਜਦੋਂ ਕਿ ਜੁਲਾਈ 2019 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਦਾ ਮਾਲੀਆ 1,02,083 ਕਰੋੜ ਰੁਪਏ ਇਕੱਤਰ ਹੋਇਆ, ਜਿਸ ਵਿੱਚੋਂ ਸੀ.ਜੀ.ਐਸ.ਟੀ. 17,912 ਕਰੋੜ ਸੀ, ਐਸ.ਜੀ.ਐਸ.ਟੀ. ਦੀ 25008 ਕਰੋੜ ਅਤੇ ਆਈ.ਜੀ.ਐਸ.ਟੀ. 50612 ਕਰੋੜ (ਸਮਾਨ ਦੀ ਦਰਾਮਦ ਤੇ ਇਕੱਤਰ ਕੀਤੇ 24246 ਕਰੋੜ) ਅਤੇ ਸੈੱਸ 8551 ਕਰੋੜ (ਮਾਲ ਦੀ ਦਰਾਮਦ ਤੇ ਇਕੱਤਰ ਕੀਤੇ 797 ਕਰੋੜ) ਸੀ।
ਉਨਾਂ ਅੱਗੇ ਦੱਸਿਆ ਕਿ ਜੁਲਾਈ 2020 ਦੇ ਮਹੀਨੇ ਦੌਰਾਨ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੇ ਇਸ ਮਹੀਨੇ ਦੇ ਇਕੱਤਰ ਹੋਏ ਜੀ.ਐਸ.ਟੀ. ਮਾਲੀਏ ਦਾ 86 ਫੀਸਦੀ ਹੈ। ਇਸ ਤੋਂ ਇਲਾਵਾ ਆਯਾਤ ਦੀਆਂ ਵਸਤਾਂ ਤੇ ਘਰੇਲੂ ਲੈਣ-ਦੇਣ ਤੋਂ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੇ ਅੰਕੜਿਆਂ ਦਾ ਕ੍ਰਮਵਾਰ 84 ਫੀਸਦੀ ਤੇ 86 ਫੀਸਦੀ ਰਿਹਾ ਹੈ। ਅਪਰੈਲ ਤੋਂ ਜੁਲਾਈ 2020 ਦੇ ਸਮੇਂ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੇ ਇਸੇ ਪੀਰੀਅਡ ਦੇ ਕੁੱਲ ਜੀ.ਐਸ.ਟੀ. ਮਾਲੀਆ 4,16,175 ਕਰੋੜ ਦੇ ਮੁਕਾਬਲੇ 2,72,662 ਕਰੋੜ ਰੁਪਏ ਰਿਹਾ ਹੈੈ, ਜੋ ਕਿ 35 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।


Share