ਜੀ-7 ਦੇਸ਼ਾਂ ‘ਚ 4 ਨਵੇਂ ਦੇਸ਼ ਹੋ ਸਕਦੇ ਹਨ ਸ਼ਾਮਲ!

885

* ਟਰੰਪ ਵੱਲੋਂ ਭਾਰਤ ਸਮੇਤ ਹੋਰ ਨਵੇਂ ਮੈਂਬਰ ਬਣਾਉਣ ਦੀ ਮੰਗ
ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾਵਾਇਰਸ ਕਾਰਨ ਜੀ-7 ਦੇਸ਼ਾਂ ਦੀ ਬੈਠਕ ਅੱਗੇ ਪਾ ਦਿੱਤੀ ਹੈ ਅਤੇ ਉਨ੍ਹਾਂ ਇਸ ‘ਚ ਹੋਰ ਨਵੇਂ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੂਹ ਨੂੰ ਪੁਰਾਣਾ ਸਮੂਹ ਮੰਨਦੇ ਹਨ, ਜੋ ਵਿਸ਼ਵ ‘ਚ ਹੋ ਰਹੀਆਂ ਸਰਗਰਮੀਆਂ ਦੀ ਨੁਮਾਇੰਦਗੀ ਨਹੀਂ ਕਰ ਰਿਹਾ, ਇਸ ਲਈ ਇਸ ‘ਚ ਕੁਝ ਨਵੇਂ ਮੈਂਬਰ ਸ਼ਾਮਲ ਕੀਤੇ ਜਾਣ। ਹੁਣ ਤੱਕ 7 ਦੇਸ਼ਾਂ ‘ਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਬਰਤਾਨੀਆ ਸ਼ਾਮਲ ਹਨ। ਟਰੰਪ ਚਾਹੁੰਦੇ ਹਨ ਕਿ ਰੂਸ, ਭਾਰਤ, ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਇਸ ‘ਚ ਸ਼ਾਮਲ ਕੀਤੇ ਜਾਣ। ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾਵਾਂ ਦੀ ਇਸ ਸਾਲ ਅਮਰੀਕਾ ‘ਚ ਮੁਲਾਕਾਤ ਕੀਤੀ ਜਾਣੀ ਸੀ ਪਰ ਕੋਰੋਨਾਵਾਇਰਸ ਦੇ ਪ੍ਰਕੋਪ ਨੇ ਇਸ ਨੂੰ ਵੀ ਰੋਕ ਦਿੱਤਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਲੀਹ ਮੈਕਨੇਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਜੀ-7 ਨੂੰ ਵਧਦਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਜੂਨ ਅਖੀਰ ਤੱਕ ਅਮਰੀਕਾ ‘ਚ ਜੀ-7 ਦੇਸ਼ਾਂ ਦਾ ਸੰਮੇਲਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸੋਚਦੇ ਹਨ ਕਿ ਜਿਵੇਂ ਹੁਣ ਅਮਰੀਕਾ ਦੁਬਾਰਾ ਪਹਿਲਾਂ ਵਾਂਗ ਖੁੱਲ੍ਹ ਰਿਹਾ ਹੈ ਅਤੇ ਲੋਕ ਆਪਣੇ ਕੰਮਾਂ ‘ਤੇ ਹੌਲੀ-ਹੌਲੀ ਪਰਤ ਰਹੇ ਹਨ, ਜਲਦੀ ਇਹ ਆਮ ਵਾਂਗ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੀਆਂ ਚਿੰਤਾਵਾਂ ਦੇ ਬਾਵਜੂਦ ਅਮਰੀਕਾ ਜੀ-7 ਦੇਸ਼ਾਂ ਦੀ ਮੇਜ਼ਬਾਨੀ ਲਈ ਤਿਆਰ ਹੈ।