ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣੇ ਕਰ ਰਹੇ ਪ੍ਰਿੰਸ ਐਂਡਰਿਊ ਦੇ ਵਕੀਲਾਂ ਵੱਲੋਂ ਮੁਕੱਦਮਾ ਖਾਰਜ ਕਰਨ ਲਈ ਪਟੀਸ਼ਨ ਦਾਇਰ

165
Share

ਨਿਊਯਾਰਕ, 29 ਦਸੰਬਰ (ਪੰਜਾਬ ਮੇਲ)- ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਿੰਸ ਐਂਡਰਿਊ ਦੇ ਵਕੀਲਾਂ ਨੇ ਮੰਗਲਵਾਰ ਨੂੰ ਇਕ ਪਟੀਸ਼ਨ ਦਾਇਰ ਕੀਤੀ। ਇਸ ਦਾਇਰ ਪਟੀਸ਼ਨ ’ਚ ਕਿਹਾ ਗਿਆ ਕਿ ਪ੍ਰਿੰਸ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਔਰਤ ਦੇ ਮੁਕੱਦਮੇ ਨੂੰ ਖਾਰਜ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਹੁਣ ਉਹ ਅਮਰੀਕਾ ਵਿਚ ਨਹੀਂ ਰਹਿੰਦੀ। ਅਟਾਰਨੀ ਐਂਡਰਿਊ ਬ੍ਰੈਟਲਰ ਅਤੇ ਮੇਲਿਸਾ ਲਰਨਰ ਨੇ ਲਿਖਿਆ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਪਤਾ ਲੱਗਾ ਹੈ ਕਿ ਵਰਜੀਨੀਆ ਗਿਫਰੇ ਪਿਛਲੇ 17 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੀ ਹੈ, ਇਸ ਲਈ ਉਹ ਕੋਲੋਰਾਡੋ ਨਿਵਾਸੀ ਹੋਣ ਦਾ ਦਾਅਵਾ ਨਹੀਂ ਕਰ ਸਕਦੀ।
ਜ਼ਿਕਰਯੋਗ ਹੈ ਕਿ ਅਗਸਤ ਵਿਚ ਇੱਕ ਮੁਕੱਦਮੇ ਵਿਚ ਵਰਜੀਨੀਆ ਗਿਫਰੇ ਨੇ ਦਾਅਵਾ ਕੀਤਾ ਸੀ ਕਿ ਪ੍ਰਿੰਸ ਨੇ 2001 ਵਿਚ ਕਈ ਮੌਕਿਆਂ ’ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਜਦੋਂ ਉਹ 17 ਸਾਲ ਦੀ ਸੀ। ਅਕਤੂਬਰ ਵਿਚ ਪ੍ਰਿੰਸ ਦੇ ਵਕੀਲਾਂ ਨੇ ਜੱਜ ਲੁਈਸ ਏ. ਕਪਲਾਨ ਨੂੰ ਮੁਕੱਦਮੇ ਨੂੰ ਰੱਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਿੰਸ ਨੇ ‘‘ਕਦੇ ਵੀ ਉਸਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ’’। ਪਿਛਲੇ ਮਹੀਨੇ, ਕਪਲਾਨ ਨੇ ਕਿਹਾ ਸੀ ਕਿ ਪ੍ਰਿੰਸ ਖ਼ਿਲਾਫ਼ ਗਿਫਰੇ ਦੇ ਮੁਕੱਦਮੇ ਦੀ ਸੁਣਵਾਈ ਸਤੰਬਰ ਅਤੇ ਦਸੰਬਰ 2022 ਦੇ ਵਿਚਕਾਰ ਹੋ ਸਕਦੀ ਹੈ ਪਰ ਯੂ.ਐੱਸ. ਵਿਚ ਪ੍ਰਿੰਸ ਐਂਡਰਿਊ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਗਿਫਰੇ ਦੇ ਨਿਵਾਸ ਬਾਰੇ ਨਵੀਂ ਜਾਣਕਾਰੀ ਮਿਲਣ ਕਾਰਨ ਮੁਕੱਦਮੇ ਦੀ ਅੱਗੇ ਦੀ ਪ੍ਰਕਿਰਿਆ ਉਦੋਂ ਤੱਕ ਮੁਅੱਤਲ ਕੀਤੀ ਜਾਣੀ ਚਾਹੀਦੀ ਹੈ, ਜਦੋਂ ਤੱਕ ਕਿ ਉਸ ਦਾ ਵਿਦੇਸ਼ੀ ਪ੍ਰਵਾਸ ਉਸ ਨੂੰ ਮੁਕੱਦਮਾ ਲੜਨ ਦੇ ਯੋਗ ਨਹੀਂ ਠਹਿਰਾਉਂਦਾ।

Share