ਜਿਊਸ ਫੈਡਰੇਸ਼ਨ ਅਤੇ ਜੀ ਐਂਡ ਐਫ ਫਾਈਨੈਂਸ਼ਲ ਗਰੁੱਪ ਵੱਲੋਂ ਗੂਰੂ ਨਾਨਕ ਫੂਡ ਬੈਂਕ ਨੂੰ 86,000 ਡਾਲਰ ਦਾਨ ਦਿੱਤੇ

423
Share

ਸਰੀ, 3 ਦਸੰਬਰ (ਹਰਦਮ ਮਾਨ/ਪੰਜਾਬ ਮੇਲ)-ਗੁਰੂ ਨਾਨਕ ਫੂਡ ਬੈਂਕ ਸਰੀ ਵੱਲੋਂ ਕਰਵਾਏ ਇਕ ਸੰਖੇਪ ਸਮਾਗਮ ਦੌਰਾਨ ਜਿਊਸ ਫੈਡਰੇਸ਼ਨ ਅਤੇ ਜੀ ਐਂਡ ਐਫ ਫਾਈਨੈਂਸ਼ਲ ਗਰੁੱਪ ਵੱਲੋਂ ਗੂਰੂ ਨਾਨਕ ਫੂਡ ਬੈਂਕ ਨੂੰ ਬੀ ਸੀ ਦੇ ਹੜ੍ਹ ਪੀੜਤਾਂ, ਵਿਦਿਆਰਥੀਆਂ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਕ੍ਰਮਵਾਰ 36,000 ਡਾਲਰ ਅਤੇ 50,000 ਡਾਲਰ ਦੀ ਦਾਨ ਰਾਸ਼ੀ ਭੇਟ ਕੀਤੀ ਗਈ।
ਇਸ ਮੌਕੇ ਗੁਰੂ ਨਾਨਕ ਫੂਡ ਬੈਂਕ ਦੇ ਜਨਰਲ ਸੈਕਟਰੀ ਜਤਿੰਦਰ ਜੇ ਮਿਨਹਾਸ ਨੇ ਇਸ ਸਹਾਇਤਾ ਲਈ ਜਿਊਸ ਫੈਡਰੇਸ਼ਨ ਅਤੇ ਐਫ ਐਡ ਐਨ ਫਾਇਨੈਂਸ਼ੀਅਲ ਗਰੁੱਪ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਫੂਡ ਬੈਂਕ ਵੱਲੋਂ ਪਿਛਲੇ ਸਮੇਂ ਤੋ ਕੋਵਿਡ ਦੌਰਾਨ ਲੋੜਵੰਦ ਵਿਦਿਆਰਥੀਆਂ ਅਤੇ ਹੋਰ ਲੋੜਵੰਦ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਹੁਣ ਬੀ ਸੀ ਵਿਚ ਆਏ ਹੜ੍ਹਾਂ ਦੌਰਾਨ ਫੂਡ ਬੈਂਕ ਦੇ ਵਲੰਟੀਅਰਾਂ ਨੇ ਹੜ ਪੀੜਤ ਖੇਤਰਾਂ ਤੱਕ ਪਹੁੰਚ ਕਰਦਿਆਂ ਸਹਾਇਤਾ ਸਮੱਗਰੀ ਪਹੁੰਚਾਈ ਹੈ ਅਤੇ ਵਲੰਟੀਅਰ ਲਗਾਤਾਰ ਇਹ ਸੇਵਾ ਨਿਭਾਅ ਰਹੇ ਹਨ। ਉਹਨਾਂ ਕਿਹਾ ਕਿ ਫੂਡ ਬੈਂਕ ਵੱਲੋਂ ਲੋੜਵੰਦਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਅਤੇ ਵਿਸ਼ੇਸ਼ ਕਰਕੇ ਬੀ ਸੀ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਲਗਾਤਾਰ ਮਦਦ ਅਤੇ ਰਾਹਤ ਸਮੱਗਰੀ ਪੁਚਾਉਣ ਲਈ ਹੈਲੀਕਾਪਟਰ ਵੀ ਕਿਰਾਏ ਉਪਰ ਲਏ ਗਏ ਸਮਾਜ ਸੇਵਾ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਜਿਊਸ ਕਮਿਊਨਿਟੀ ਨੇ ਇਹ ਸਹਾਇਤਾ ਰਾਸ਼ੀ ਭੇਜੀ ਹੈ। ਉਹਨਾਂ ਕਿਹਾ ਕਿ ਯਹੂਦੀ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਨਾਲ ਮਿਲ ਕੇ ਸੇਵਾ ਦੇ ਕਾਰਜ ਵਿਚ ਸਾਂਝ ਪਾਉਣ ਦੀ ਇਹ ਇਕ ਇਤਿਹਾਸਕ ਘਟਨਾ ਹੈ।
ਫੂਡ ਬੈਂਕ ਦੇ ਚੇਅਰਮੈਨ ਗਿਆਨੀ ਨਰਿੰਦਰ ਸਿੰਘ ਵਾਲੀਆ ਨੇ ਜਿਊਸ ਫੈਡਰੇਸ਼ਨ ਅਤੇ ਐਫ ਐਂਡ ਐਨ ਫਾਇਨੈਂਸ਼ਲ ਗਰੁੱਪ ਵੱਲੋਂ ਭੇਜੀ ਸਹਾਇਤਾ ਰਾਸ਼ੀ ਲਈ ਧੰਨਵਾਦ ਕੀਤਾ ਅਤੇ ਫੂਡ ਬੈਂਕ ਦੇ ਵਲੰਟੀਅਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਵਲੰਟੀਅਰਾਂ ਦੀਆਂ ਨਿਸ਼ਕਾਮ ਸੇਵਾ ਸਦਕਾ ਹੀ ਗੁਰੂ ਸਾਹਿਬ ਦਾ ਸੰਦੇਸ਼ ਦੁਨੀਆਂ ਦੇ ਹੋਰ ਭਾਈਚਾਰਿਆਂ ਤੱਕ ਪਹੁੰਚ ਰਿਹਾ ਹੈ। ਇਸ ਮੌਕੇ 80 ਸਾਲ ਬਜ਼ੁਰਗ ਵਲੰਟੀਅਰ ਕੇਸਰ ਸਿੰਘ ਕੂਨਰ ਨੂੰ ਉਸ ਦੀਆਂ ਸੇਵਾਵਾਂ ਲਈ ਗੁਰੂ ਨਾਨਕ ਫੂਡ ਬੈਂਕ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕੇਸਰ ਸਿੰਘ ਕੂਨਰ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਸੇਵਾ ਹੀ ਸਭ ਤੋਂ ਉਤਮ ਧਰਮ ਹੈ। ਵਿਸ਼ਵ ਦੇ ਸਾਰੇ ਧਰਮਾਂ ਦਾ ਸੰਦੇਸ਼ ਵੀ ਮਨੁੱਖਤਾ ਦੀ ਸੇਵਾ ਹੀ ਹੈ। ਉਹ ਵਡਭਾਗੀ ਹੈ ਕਿ ਗੁਰੂ ਨਾਨਕ ਫੂਡ ਬੈਂਕ ਰਾਹੀ ਉਹ ਇਸ ਸੇਵਾ ਦੇ ਯੱਗ ਵਿਚ ਹਿੱਸਾ ਪਾ ਰਿਹਾ ਹੈ।
ਵਰਨਣਯੋਗ ਹੈ ਕਿ ਗੁਰੂ ਨਾਨਕ ਫੂਡ ਬੈਂਕ ਦੁਨੀਆਂ ਵਿਚ ਸਿੱਖ ਭਾਈਚਾਰੇ ਦਾ ਪਹਿਲਾ ਅਜਿਹਾ ਫੂਡ ਬੈਂਕ ਹੈ ਜੋ ਲੋੜਵੰਦ ਲੋਕਾਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੀਆਂ ਰੋਜ਼ਾਨਾ ਗਰੌਸਰੀ (ਰਾਸ਼ਨ) ਲੋੜਾਂ ਦੀ ਪੂਰਤੀ ਕਰ ਰਿਹਾ ਹੈ। ਗਿਆਨੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਰੀ-ਵੈਨਕੂਵਰ ਆਉਣ ਵਾਲਾ ਕੋਈ ਵੀ ਕੌਮਾਂਤਰੀ ਵਿਦਿਆਰਥੀ ਘਰ ਵਿਹੂਣਾ ਨਾ ਸਮਝੇ, ਗੁਰਦੁਆਰਾ ਦੁੱਖ ਨਿਵਾਰਨ ਅਤੇ ਗੁਰੂ ਨਾਨਕ ਫੂਡ ਬੈਂਕ ਉਹਨਾਂ ਨੂੰ ਘਰ ਵਾਲੀਆਂ ਸਾਰੀਆਂ ਸਹੂਲਤਾਂ ਅਤੇ ਸੇਵਾ ਲਈ ਹਾਜਰ ਹੈ।


Share