ਜਾਰਜ ਫਲਾਈਡ ਹੱਤਿਆ ਮਾਮਲਾ: ਫੈਸਲਾ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਅਮਰੀਕੀ ਸ਼ਹਿਰਾਂ ’ਚ ਵਧਾਈ ਸੁਰੱਖਿਆ

147
Share

ਸੈਕਰਾਮੈਂਟੋ, 19 ਅਪ੍ਰੈਲ (ਪੰਜਾਬ ਮੇਲ)-ਚਰਚਿਤ ਜਾਰਜ ਫਲਾਈਡ ਹੱਤਿਆ ਮਾਮਲੇ ਦਾ ਫ਼ੈਸਲਾ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਮਿਨੀਐਪੋਲਿਸ ਤੇ ਹੋਰ ਅਮਰੀਕੀ ਸ਼ਹਿਰਾਂ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਮਾਮਲੇ ਦੇ ਮੁੱਖ ਦੋਸ਼ੀ ਡੈਰਕ ਚੌਵਿਨ ਵਿਰੁੱਧ ਤੇ ਹੱਕ ’ਚ ਗਵਾਹੀਆਂ ਭੁਗਤ ਚੁੱਕੀਆਂ ਹਨ। ਅੰਤਿਮ ਬਹਿਸ ਉਪਰੰਤ ਅਦਾਲਤ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਮਿਨੀਐਪੋਲਿਸ ’ਚ ਪਿਛਲੇ ਹਫ਼ਤੇ ਇਕ 20 ਸਾਲ ਦੇ ਸਿਆਹਫਾਮ ਵਿਅਕਤੀ ਡੌਂਟ ਰਾਈਟ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਤੋਂ ਬਾਅਦ ਹੋ ਰਹੇ ਪ੍ਰਦਰਸ਼ਨਾਂ ਨੇ ਪੁਲਿਸ ਦੀ ਚਿੰਤਾ ’ਚ ਵਾਧਾ ਕੀਤਾ ਹੈ। ਮਿਨੀਐਪੋਲਿਸ ਦੇ ਬਰੁੱਕਲਿਨ ਸੈਂਟਰ ਪੁਲਿਸ ਹੈੱਡਕੁਆਟਰ ਵਿਖੇ ਸੁਰੱਖਿਆ ਵਧਾਈ ਗਈ ਹੈ। ਪੁਲਿਸ ਦੇ ਬੁਲਾਰੇ ਜੌਹਨ ਐਲਡਰ ਅਨੁਸਾਰ ਡਾਊਨ ਟਾਊਨ ਮਿਨੀਐਪੋਲਿਸ ਜਿਥੇ ਜਾਰਜ ਫਲਾਇਡ ਮਾਮਲੇ ਦੀ ਸੁਣਵਾਈ ਹੋ ਰਹੀ ਹੈ, ਵਿਖੇ ਪੁਲਿਸ ਬਿਲਡਿੰਗ ਦੇ ਆਲੇ-ਦੁਆਲੇ ਰੇਜ਼ਰ ਤਾਰ ਲਾ ਦਿੱਤੀ ਗਈ ਹੈ ਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡਾਊਨ ਟਾਊਨ ਖੇਤਰ ’ਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ। ਮੇਅਰ ਜੈਕਬ ਫਰੇਅ ਨੇ ਕਿਹਾ ਹੈ ਕਿ 2000 ਨੈਸ਼ਨਲ ਗਾਰਡ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ ਤਿਆਰ-ਹਨ।

Share