ਜਾਰਜ ਫਲਾਇਡ ਮੌਤ ਮਾਮਲਾ: ਸਾਬਕਾ ਪੁਲਿਸ ਅਧਿਕਾਰੀ ਹੱਤਿਆ ਦਾ ਦੋਸ਼ੀ ਕਰਾਰ

128
Share

– 10 ਘੰਟਿਆਂ ਦੇ ਵਿਟਾਰ-ਵਟਾਂਦਰੇ ਤੋਂ ਬਾਅਦ ਡੈਰੇਕ ਚੌਵਿਨ ਨੂੰ ਠਹਿਰਾਇਆ ਸਾਰੇ ਮਾਮਲਿਆਂ ’ਚ ਦੋਸ਼ੀ
-ਦੋਸ਼ੀ ਪੁਲਿਸ ਮੁਲਾਜ਼ਮ ਨੂੰ ਕਈ ਸਾਲਾਂ ਦੀ ਹੋ ਸਕਦੀ ਹੈ ਸਜ਼ਾ
-ਫ਼ੈਸਲਾ ਸੁਣਾਉਣ ਵਾਲੇ ਜੱਜਾਂ ਦੇ ਨਾਂ ਜਨਤਕ ਨਹੀਂ ਕੀਤੇ
ਵਾਸ਼ਿੰਗਟਨ, 21 ਅਪ੍ਰੈਲ (ਪੰਜਾਬ ਮੇਲ)- ਸਿਆਹਫਾਮ ਨਾਗਰਿਕ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ’ਚ ਪੁਲਿਸ ਮੁਲਾਜ਼ਮ ਡੈਰੇਕ ਚੌਵਿਨ ਨੂੰ ਦੋਸ਼ੀ ਪਾਇਆ ਗਿਆ ਹੈ। ਜੱਜਾਂ ਦੀ ਜਿਊਰੀ ਨੇ ਕਰੀਬ 10 ਘੰਟਿਆਂ ਦੇ ਵਿਟਾਰ-ਵਟਾਂਦਰੇ ਤੋਂ ਬਾਅਦ ਡੈਰੇਕ ਨੂੰ ਸਾਰੇ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਹੈ। ਫਿਲਹਾਲ ਸਜ਼ਾ ਦਾ ਐਲਾਨ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਕਈ ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਫ਼ੈਸਲਾ ਸੁਣਾਉਣ ਵਾਲੇ ਜੱਜਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ’ਚ ਕਈ ਲੋਕਾਂ ਨੇ ਖੁਸ਼ੀ ਮਨਾਈ। ਉੱਥੇ ਹੀ ਕਈ ਸੰਸਦ ਮੈਂਬਰਾਂ ਨੇ ਵੀ ਇਸ ਨੂੰ ਨਿਆਂ ਦੀ ਜਿੱਤ ਦੱਸਿਆ। ਡੈਰੇਕ ਦੀ ਜ਼ਮਾਨਤ ਰੱਦ ਹੋ ਗਈ ਹੈ ਤੇ ਦੋਸ਼ੀ ਠਹਿਰਾਏ ਜਾਂਦੇ ਹੀ ਉਸ ਨੂੰ ਹਥਕੜੀ ਪਹਿਨਾ ਕੇ ਲਿਜਾਇਆ ਗਿਆ।
ਜ਼ਿਕਰਯੋਗ ਹੈ ਕਿ 46 ਸਾਲ ਦੇ ਜਾਰਜ ਫਲਾਇਡ ਨੂੰ ਪਿਛਲੇ ਸਾਲ 25 ਮਈ ਨੂੰ ਸਿਗਰਟ ਦੇ ਪੈਕੇਟ ਲਈ 20 ਡਾਲਰ ਦੇ ਨਕਲੀ ਨੋਟ ਚਲਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਜ਼ਮੀਨ ’ਤੇ ਪਟਕਿਆ ਸੀ। ਪੁਲਿਸ ਮੁਲਾਜ਼ਮ ਉਸ ਦੇ ਗਲ਼ੇ ’ਤੇ ਪੈਰ ਰੱਖ ਕੇ ਬੈਠ ਗਿਆ ਸੀ। ਫਲਾਇਡ ਸਾਹ ਨਹੀਂ ਲੈ ਪਾ ਰਿਹਾ ਸੀ। ਇਹ ਪੁਲਿਸ ਮੁਲਾਜ਼ਮ ਡੈਰੇਕ ਚੌਵਿਨ ਸੀ, ਜਿਸ ਨੇ ਆਪਣੇ ਗੋਡੇ ਨਾਲ ਫਲਾਇਡ ਦਾ ਗਲ਼ਾ ਦੱਬ ਰੱਖਿਆ ਸੀ। ਦਮ ਘੁੱਟਣ ਨਾਲ ਫਲਾਇਡ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅਮਰੀਕਾ ਦੋ ਖੇਮਿਆਂ ’ਚ ਵੰਡਿਆ ਗਿਆ। ਪੂਰੇ ਦੇਸ਼ ’ਚ ਪ੍ਰਦਰਸ਼ਨ ਹੋਏ। ਦਬਾਅ ਵਧਿਆ ਤਾਂ ਡੈਰੇਕ ਨੂੰ ਗਿ੍ਰਫ਼ਤਾਰ ਕੀਤਾ ਗਿਆ ਤੇ ਕੋਰਟ ਕੇਸ ਚੱਲਿਆ।

Share