ਜਾਰਜ ਫਲਾਇਡ ਫੰਡ ਫਾਊਂਡੇਸ਼ਨ ਵੱਲੋਂ ਦਿੱਤੀ ਜਾ ਚੁੱਕੇ 50 ਹਜ਼ਾਰ ਡਾਲਰ ਤੋਂ ਵੱਧ ਦੀ ਸਕਾਲਰਸ਼ਿਪ

94
Share

ਫਰਿਜ਼ਨੋ, 15 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਜਾਰਜ ਫਲਾਇਡ ਦਾ ਸਨਮਾਨ ਕਰਨ ਅਤੇ ਨਸਲੀ ਅਨਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਥਾਪਿਤ ਕੀਤੇ ਗਏ ਇੱਕ ਫੰਡ ਨੇ ਸੋਮਵਾਰ ਜਾਣਕਾਰੀ ਦਿੱਤੀ ਕਿ ਇਸ ਫੰਡ ਦੇ ਸਥਾਪਿਤ ਹੋਣ ਤੋਂ ਲੈ ਕੇ ਹੁਣ ਤੱਕ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ ਦਿੱਤੀ ਜਾ ਚੁੱਕੀ ਹੈ। ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਨੇ ਕਿਹਾ ਕਿ ਇਸ ਨੇ ਹਾਲ ਹੀ ’ਚ 1,000 ਡਾਲਰ ਦੇ 15 ਲਾਅ ਸਕੂਲ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਹਨ। ਇਸ ਤੋਂ ਇਲਾਵਾ ਇੰਟਰਨਸ ਵਿਦਿਆਰਥੀਆਂ ਨੂੰ 10,000 ਡਾਲਰ ਦਾ ਵਜ਼ੀਫਾ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ 2,500 ਡਾਲਰ ਦੀ ਸਕਾਲਰਸ਼ਿਪ ਦਿੱਤੀ ਹੈ। ਫਾਊਂਡੇਸ਼ਨ ਨੇ ਨਾਰਥ ਕੈਰੋਲੀਨਾ ਦੇ ਹਿਸਟੋਰੀਕਲ ਬਲੈਕ ਕਾਲਜ ‘ਫਏਟਵਿਲੇ ਸਟੇਟ ਯੂਨੀਵਰਸਿਟੀ’ ਨੂੰ ਵੀ 25,000 ਦਿੱਤੇ ਹਨ।
ਫਾਊਂਡੇਸ਼ਨ ਅਨੁਸਾਰ ਵਜ਼ੀਫੇ ਫਲਾਇਡ ਦੀ ਯਾਦ ਨੂੰ ਜ਼ਿੰਦਾ ਰੱਖਦੇ ਹਨ ਅਤੇ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਹਨ। ਜਾਰਜ ਫਲਾਇਡ ਦੀ ਭੈਣ ਅਤੇ ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਦੀ ਸੰਸਥਾਪਕ ਬਿ੍ਰਜੈਟ ਫਲਾਇਡ ਨੇ ਕਿਹਾ ਕਿ ਉਸ ਦੇ ਭਰਾ ਜਾਰਜ ਦੀ ਮੌਤ ਨੇ ਸੱਚਮੁੱਚ ਦੁਨੀਆਂ ਨੂੰ ਬਦਲ ਦਿੱਤਾ ਹੈ। ਨਾਰਥ ਕੈਰੋਲੀਨਾ ਦੇ ਫਏਟਵਿਲੇ ’ਚ ਸਥਿਤ ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਅਗਸਤ 2020 ’ਚ ਬਣਾਈ ਗਈ ਸੀ ਅਤੇ ਇਹ ਨਸਲੀ ਅਨਿਆਂ, ਪੁਲਿਸ ਦੀ ਬੇਰਹਿਮੀ ਅਤੇ ਹਰ ਕਿਸੇ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਵਧਾਉਣ ’ਤੇ ਕੇਂਦਰਿਤ ਹੈ।

Share