ਜਾਰਜ ਫਲਾਇਡ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

779
Share

ਮਿਨੀਆਪੋਲਿਸ, 5 ਜੂਨ (ਪੰਜਾਬ ਮੇਲ)- ਜਾਰਜ ਫਲਾਇਡ ਦੇ ਅੰਤਿਮ ਸੰਸਕਾਰ ਲਈ ਅੱਜ ਉਸ ਦੇ ਸੁਨਹਿਰੀ ਤਾਬੂਤ ਸਾਹਮਣੇ ਕਈ ਉੱਘੀਆਂ ਹਸਤੀਆਂ, ਗੀਤਕਾਰ ਅਤੇ ਆਗੂ ਇਕੱਠੇ ਹੋਏ। ਇਸ ਦੌਰਾਨ ਲੋਕਾਂ ਨੇ ਸੇਜਲ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ। ਪੁਲਿਸ ਹਿਰਾਸਤ ਵਿੱਚ ਫਲਾਇਡ ਦੀ ਮੌਤ ਕਾਰਨ ਪੁੂਰੀ ਦੁਨੀਆ ਵਿੱਚ ਰੋਸ ਹੈ ਅਤੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਫਲਾਇਡ ਲਈ 6 ਦਿਨਾਂ ਤਕ 3 ਸ਼ਹਿਰਾਂ ਵਿੱਚ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ। ਪਹਿਲਾ ਸਮਾਗਮ ਮਿਨੀਆਪੋਲਿਸ ਦੀ ਨੌਰਥ ਸੈਂਟਰਲ ਯੂਨੀਵਰਸਿਟੀ ਵਿੱਚ ਹੋਇਆ। ਉਧਰ, ਇਥੋਂ ਕੁਝ ਦੂਰ ਇਕ ਜੱਜ ਨੇ ਫਲਾਇਡ ਦੀ ਮੌਤ ਲਈ ਉਕਸਾਉਣ ਦੇ ਕਥਿਤ ਦੋਸ਼ੀ ਤਿੰਨ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਲਈ 75-75 ਹਜ਼ਾਰ ਡਾਲਰ ਦੀ ਰਾਸ਼ੀ ਨਿਰਧਾਰਤ ਕੀਤੀ ਹੈ। ਇਸ ਮੌਕੇ ’ਤੇ ਜੈਕਸਨ, ਸੰਸਦ ਮੈਂਬਰ ਐਮੀ ਕਲੋਬੂਚਰ, ਇਲਹਨ ਉਮਰ, ਸ਼ੀਲਾ ਜੈਕਸਨਲੀ ਅਤੇ ਇਆਨਾ ਪ੍ਰੈਸਲੇ ਸਣੇ ਹੋਰ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਉਘੀਆਂ ਹਸਤੀਆਂ ਵਿੱਚ ਟੀ ਆਈ ਲੁਡਾਕਿਰਸ, ਟੇਰੀਸੇ ਗਿਬਸਨ, ਕੇਵਿਨ ਹਾਰਟ, ਟਿਫਨੀ ਹਦੀਸ਼ ਅਤੇ ਮਾਰਸਈ ਮਾਰਟਿਨ ਸ਼ਾਮਲ ਸਨ। ਸ਼ਰਧਾਂਜਲੀ ਸਮਾਗਮ ਦੌਰਾਨ ਪੁਲੀਸ ਦੇ ਕੰਮਕਾਜ ਵਿੱਚ ਬਦਲਾਅ ਦੀ ਮੰਗ ਵੀ ਉਠੀ। ਸ਼ਰਧਾਂਜਲੀ ਸਮਾਗਮ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ, ਜੋ ਕਰਫਿਊ ਦੀ ਉਲੰਘਣਾ ਕਰਕੇ ਸੜਕਾਂ ’ਤੇ ਇਕੱਠੇ ਹੋਏ ਸਨ।


Share