ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹਿੰਸਕ ਅੰਦੋਲਨ ਦੀ ਮਾਰ ਹੇਠ ਆਇਆ ਅਮਰੀਕਾ

723
Share

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਪਿਛਲੇ ਕਰੀਬ ਤਿੰਨ ਮਹੀਨੇ ਤੋਂ ਕੋਰੋਨਾਵਾਇਰਸ ਦੀ ਮਾਰ ਹੇਠ ਆਏ ਅਮਰੀਕਾ ਲਈ ਕੁੱਝ ਦਿਨ ਪਹਿਲਾਂ ਦੇਸ਼ ਵਿਚ ਫੈਲਿਆ ਹਿੰਸਕ ਅੰਦੋਲਨ ਇਕ ਹੋਰ ਵੱਡੇ ਸੰਕਟ ਦਾ ਵਿਰਾਟ ਰੂਪ ਲੈ ਕੇ ਆਇਆ ਹੈ। ਮਿਨੀਸੋਟਾ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਮਿਨੇਐਪਲਿਸ ਵਿਖੇ ਅਫਰੀਕਨ-ਅਮਰੀਕੀ ਕਾਲੇ ਜਾਰਜ ਫਲਾਇਡ ਦੀ ਗੋਰੇ ਪੁਲਿਸ ਅਫਸਰ ਹੱਥੋਂ ਹੋਈ ਮੌਤ ਨੇ ਪੂਰੇ ਅਮਰੀਕਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਫਲਾਇਡ ਨੂੰ 20 ਡਾਲਰ ਦੇ ਨਕਲੀ ਨੋਟ ਨਾਲ ਸਿਗਰਟ ਖਰੀਦਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਉਸ ਦੀ ਮੌਤ ਹੋਣ ਦਾ ਖੁਲਾਸਾ ਕੀਤਾ ਗਿਆ। ਮੀਡੀਆ ਵੱਲੋਂ ਉਸ ਦੀ ਮੌਤ ਦੇ ਹਾਲਾਤ ਬਾਰੇ ਇਕੱਠੀਆਂ ਕੀਤੀਆਂ ਗਈਆਂ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਪੁਲਿਸ ਅਧਿਕਾਰੀ ਡੈਰਿਕ ਚੌਵਿਨ ਨੇ ਫਲਾਇਡ ਨੂੰ ਜ਼ਮੀਨ ਉੱਤੇ ਸੁੱਟ ਕੇ ਲਗਭਗ 8.46 ਮਿੰਟ ਉਸ ਦੀ ਧੌਣ ਉਪਰ ਗੋਡਾ ਦੇਈ ਰੱਖਿਆ। ਫਲਾਇਡ ਨੇ ਵਿਰੋਧ ਕਰਦਿਆਂ ਵਾਰ-ਵਾਰ ਇਹ ਆਖਿਆ ਕਿ ਉਸ ਦੀ ਧੌਣ ਉਪਰੋਂ ਗੋਡਾ ਚੁੱਕਿਆ ਜਾਵੇ, ਕਿਉਂਕਿ ਉਸ ਨੂੰ ਸਾਹ ਨਹੀਂ ਆ ਰਿਹਾ। ਪਰ ਪੁਲਿਸ ਅਫਸਰ ਨੇ ਕੋਈ ਪ੍ਰਵਾਹ ਨਹੀਂ ਕੀਤੀ। ਨਤੀਜਾ ਇਹ ਹੋਇਆ ਕਿ ਫਲਾਇਡ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਲਾਇਡ ਦੀ ਮੌਤ ਦੀ ਖ਼ਬਰ ਪੂਰੇ ਅਮਰੀਕਾ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਇਸ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿਚ ਸ਼ੁਰੂ ਹੋਏ ਅੰਦੋਲਨ ਹਿੰਸਕ ਰੂਪ ਧਾਰ ਗਏ। ਅਮਰੀਕੀ ਦੇ ਪਿਛਲੇ 200 ਸਾਲਾਂ ਦੇ ਇਤਿਹਾਸ ‘ਚ ਇੰਨੀ ਵੱਡੀ ਪੱਧਰ ‘ਤੇ ਹਿੰਸਾ ਫੈਲਣ ਅਤੇ ਸਾੜ-ਫੂਕ ਦੀ ਸ਼ਾਇਦ ਇਹ ਪਹਿਲੀ ਘਟਨਾ ਹੈ। ਪ੍ਰਦਰਸ਼ਨਕਾਰੀ ਲਗਾਤਾਰ ਇੰਨੇ ਬੇਕਾਬੂ ਹੋ ਗਏ ਕਿ ਉਹ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਦੀ ਗੈਲਰੀ ਤੱਕ ਪੁੱਜ ਗਏ। ਡਰ ਅਤੇ ਸਹਿਮ ਇੰਨਾ ਛਾਅ ਗਿਆ ਕਿ ਰਾਸ਼ਟਰਪਤੀ ਟਰੰਪ ਉਨ੍ਹਾਂ ਦੇ ਪਰਿਵਾਰ ਨੂੰ ਕੁੱਝ ਸਮੇਂ ਲਈ ਸੁਰੱਖਿਅਤ ਰਹਿਣ ਵਾਸਤੇ ਵ੍ਹਾਈਟ ਹਾਊਸ ਦੇ ਬੰਕਰ ਵਿਚ ਜਾਣਾ ਪਿਆ। ਇਕ ਹਫਤੇ ਦੀ ਹਿੰਸਾ ਦੌਰਾਨ ਅਮਰੀਕਾ ਦੇ ਕੈਲੀਫੋਰਨੀਆ, ਵਾਸ਼ਿੰਗਟਨ, ਇਲੀਨੋਇਸ, ਨਿਊਯਾਰਕ, ਵਾਸ਼ਿੰਗਟਨ ਡੀ.ਸੀ., ਟੈਕਸਾਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਟੇਟਾਂ ਵਿਚ ਵੱਡੇ ਪੱਧਰ ‘ਤੇ ਦੁਕਾਨਾਂ ਅਤੇ ਸਟੋਰਾਂ ਦੀ ਲੁੱਟਮਾਰ ਹੋਈ ਅਤੇ ਸਾੜ-ਫੂਕ ਕੀਤੀ ਗਈ। ਇਨ੍ਹਾਂ ਸਥਾਨਾਂ ‘ਤੇ ਪ੍ਰਸ਼ਾਸਨ ਨੂੰ ਕਰਫਿਊ ਲਗਾਉਣ ਲਈ ਮਜਬੂਰ ਹੋਣਾ ਪਿਆ। ਇਸ ਵੇਲੇ ਪੂਰਾ ਅਮਰੀਕਾ ਪ੍ਰਸ਼ਾਸਨ ਰਹਿਤ ਹੋਇਆ ਨਜ਼ਰ ਆ ਰਿਹਾ ਹੈ। ਗੋਰੇ ਪੁਲਿਸ ਅਫਸਰ ਹੱਥੋਂ ਫਲਾਇਡ ਦੀ ਹੋਈ ਮੌਤ ਨੇ ਪਲੀਤੇ ਦਾ ਹੀ ਕੰਮ
ਕੀਤਾ ਹੈ।
ਇਨ੍ਹਾਂ ਘਟਨਾਵਾਂ ਨੇ ਦੱਸਿਆ ਹੈ ਕਿ ਅਮਰੀਕਾ ਪਹਿਲਾਂ ਹੀ ਨਸਲੀ ਵਿਤਕਰੇ ਅਤੇ ਵਿਵਹਾਰ ਕਾਰਨ ਵੱਡੇ ਵਿਸਫੋਟਕ ਭੰਡਾਰ ਉਪਰ ਬੈਠਾ ਸੀ। ਇਸ ਇਕ ਘਟਨਾ ਨੇ ਇਸ ਵਿਸਫੋਟਕ ਭੰਡਾਰ ਨੂੰ ਚੁਆਤੀ ਲਾਉਣ ਦਾ ਹੀ ਕੰਮ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਕਾਰਨ ਅਮਰੀਕਾ ਵਿਚ ਨਸਲਵਾਦ ਦੀਆਂ ਭਾਵਨਾਵਾਂ ਲਗਾਤਾਰ ਉਜਾਗਰ ਹੁੰਦੀਆਂ ਰਹੀਆਂ ਹਨ। ਉਂਝ ਤਾਂ ਅਮਰੀਕਾ ਵਿਚ ਨਸਲਵਾਦ ਦੀ ਸਮੱਸਿਆ ਸਦੀਆਂ ਪੁਰਾਣੀ ਹੈ, ਪਰ ਪਿਛਲੇ ਸਾਲਾਂ ਦੌਰਾਨ ਅਮਰੀਕਾ ਅੰਦਰ ਜਮਹੂਰੀ ਕਦਰਾਂ-ਕੀਮਤਾਂ ਦੇ ਫੈਲਾਅ ਨਾਲ ਅਜਿਹੀਆਂ ਨਸਲਵਾਦੀ ਭਾਵਨਾਵਾਂ ਨੂੰ ਘਟਾਉਣ ਦਾ ਯਤਨ ਕੀਤਾ ਗਿਆ। ਪਰ ਟਰੰਪ ਕਾਲ ਦੌਰਾਨ ਪੂਰੇ ਦੇਸ਼ ਵਿਚ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਨਸਲਵਾਦੀ ਭਾਵਨਾਵਾਂ ਮੁੜ ਉਜਾਗਰ ਹੋਣੀਆਂ ਸ਼ੁਰੂ ਹੋਈਆਂ ਹਨ।
ਕੋਰੋਨਾਵਾਇਰਸ ਦੇ ਸੰਕਟ ਦੌਰਾਨ ਘੱਟ ਗਿਣਤੀ ਕਾਲੇ ਲੋਕਾਂ ਨੂੰ ਹੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਬੜੀ ਦੇਰ ਤੋਂ ਉਨ੍ਹਾਂ ਅੰਦਰ ਪੈਦਾ ਹੁੰਦਾ ਆ ਰਿਹਾ ਰੋਸ, ਗੁੱਸਾ ਤੇ ਬੇਚੈਨੀ ਇਸ ਘਟਨਾ ਨਾਲ ਭਾਂਬੜ ਦਾ ਰੂਪ ਧਾਰਨ ਕਰ ਗਿਆ ਹੈ। ਪੂਰਾ ਦੇਸ਼ ਇਸ ਵੇਲੇ ਹਿੰਸਕ ਅੰਦੋਲਨਾਂ ਦੀ ਗ੍ਰਿਫ਼ਤ ਵਿਚ ਆ ਚੁੱਕਾ ਹੈ। ਇਸ ਕਰਕੇ ਕੋਰੋਨਾਵਾਇਰਸ ਨਾਲ ਚੰਬੀ ਅਮਰੀਕੀ ਆਰਥਿਕਤਾ ਦੇ ਮੁੜ ਉਭਰਨ ਦੇ ਵਿਊਂਤੇ ਸਾਰੇ ਕਾਰਜ ਧਰੇ-ਧਰਾਏ ਰਹਿ ਗਏ ਹਨ।
ਸਮਝਿਆ ਜਾਂਦਾ ਹੈ ਕਿ ਦੇਸ਼ ਅੰਦਰ ਫੈਲਿਆ ਇਹ ਹਿੰਸਕ ਵਿਦਰੋਹ ਅਮਰੀਕਾ ਲਈ ਕੋਰੋਨਾਵਾਇਰਸ ਵਾਂਗ ਮਾਰੂ ਸਾਬਤ ਹੋ ਸਕਦਾ ਹੈ। ਅਮਰੀਕਾ ਇਸ ਵੇਲੇ ਇਕ ਪਾਸੇ ਦੇਸ਼ ਅੰਦਰਲੀ ਆਰਥਿਕਤਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਸੀ ਅਤੇ ਦੂਜੇ ਪਾਸੇ ਉਹ ਚੀਨ ਨਾਲ ਸੰਸਾਰ ਪੱਧਰ ਉੱਤੇ ਟਰੇਡ ਵਾਰ ਵਿਚ ਉਲਝਿਆ ਹੋਇਆ ਸੀ। ਰਾਸ਼ਟਰਪਤੀ ਟਰੰਪ ਨੇ ਚੀਨ ਖਿਲਾਫ ਹਮਲਾਵਰ ਰੁਖ਼ ਅਪਣਾਇਆ ਹੋਇਆ ਸੀ ਅਤੇ ਉਹ ਕੋਰੋਨਾਵਾਇਰਸ ਲਈ ਚੀਨ ਨੂੰ ਦੋਸ਼ੀ ਠਹਿਰਾ ਕੇ ਸੰਸਾਰ ਭਰ ਵਿਚ ਚੀਨ ਦੀ ਘੇਰਾਬੰਦੀ ਕਰਨ ਦਾ ਏਜੰਡਾ ਲੈ ਕੇ ਚੱਲ ਰਹੇ ਸਨ। ਇੱਥੋਂ ਤੱਕ ਕਿ ਰਾਸ਼ਟਰਪਤੀ ਟਰੰਪ ਨੇ ਡਬਲਿਊ.ਐੱਚ.ਓ. ਵਰਗੀ ਕੌਮਾਂਤਰੀ ਸਿਹਤ ਸੰਸਥਾ ਨਾਲੋਂ ਵੀ ਸੰਬੰਧ ਤੋੜਨ ਦਾ ਵੱਡਾ ਕਦਮ ਉਠਾਇਆ। ਟਰੰਪ ਦਾ ਸਾਰਾ ਜ਼ੋਰ ਇਸ ਵੇਲੇ ਚੀਨ ਅੰਦਰ ਕੰਮ ਕਰ ਰਹੀਆਂ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਨੂੰ ਉਥੋਂ ਬਾਹਰ ਕੱਢਣ ‘ਤੇ ਲੱਗਿਆ ਹੋਇਆ ਹੈ। ਇਸ ਬਾਰੇ ਉਹ ਜਾਪਾਨ, ਬਰਤਾਨੀਆ, ਭਾਰਤ ਅਤੇ ਹੋਰ ਕਈ ਯੂਰਪੀਅਨ ਦੇਸ਼ਾਂ ਨਾਲ ਮਿਲ ਕੇ ਯਤਨ ਜੁਟਾਉਣ ਦੇ ਹੰਭਲੇ ਮਾਰ ਰਹੇ ਹਨ। ਪਰ ਜਦੋਂ ਰਾਸ਼ਟਰਪਤੀ ਟਰੰਪ ਅੰਦਰੂਨੀ ਤੌਰ ‘ਤੇ ਅਮਰੀਕਾ ਨੂੰ ਆਰਥਿਕਤਾ ਤੌਰ ‘ਤੇ ਮੁੜ ਉਭਾਰਨ ਅਤੇ ਕੌਮਾਂਤਰੀ ਪੱਧਰ ਉੱਤੇ ਚੀਨ ਨੂੰ ਪਛਾੜਨ ਦੀ ਰਣਨੀਤੀ ਲੈ ਕੇ ਅੱਗੇ ਵੱਧ ਰਹੇ ਸਨ, ਤਾਂ ਉਸੇ ਮੌਕੇ ਦੇਸ਼ ਵਿਚ ਫੈਲੇ ਹਿੰਸਕ ਅੰਦੋਲਨ ਨੇ ਟਰੰਪ ਦੀ ਦੋਹਾਂ ਖੇਤਰਾਂ ਵਿਚ ਪਹਿਲਕਦਮੀ ਨੂੰ ਮੂੰਧੇ ਮੂੰਹ ਸੁੱਟ ਦਿੱਤਾ ਹੈ।
ਹਿੰਸਕ ਅੰਦੋਲਨ ਕਾਰਨ ਇਕ ਵਾਰ ਫਿਰ ਅਮਰੀਕਾ ਨੂੰ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਸਨੱਅਤੀ ਅਤੇ ਕਾਰੋਬਾਰੀ ਅਦਾਰੇ ਬੰਦ ਹੋ ਗਏ ਹਨ। ਦੇਸ਼ ਦੇ ਬਹੁਤ ਸਾਰੇ ਨਗਰਾਂ, ਮਹਾਂਨਗਰਾਂ ਵਿਚ ਕਰਫਿਊ ਲੱਗੇ ਹੋਏ ਹਨ। ਅਜਿਹੀ ਹਾਲਤ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਸੰਕਟ ‘ਚ ਫਸੀ ਅਮਰੀਕੀ ਆਰਥਿਕਤਾ ਦੂਹਰੀ ਮਾਰ ਹੇਠ ਆਈ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਹਿੰਸਕ ਅੰਦੋਲਨ ਪੂਰਾ ਇਕ ਹਫਤਾ ਦੇਸ਼ ਅੰਦਰ ਲਗਾਤਾਰ ਫੈਲਦਾ ਰਿਹਾ ਹੈ। ਪਰ ਟਰੰਪ ਪ੍ਰਸ਼ਾਸਨ ਇਸ ਦੀ ਰੋਕਥਾਮ ਕਰਨ ਵਿਚ ਪੂਰੀ ਤਰ੍ਹਾਂ ਅਸਮਰੱਥ ਰਿਹਾ ਹੈ। ਨਵੰਬਰ ‘ਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਕੋਰੋਨਾਵਾਇਰਸ ਅਤੇ ਕੌਮਾਂਤਰੀ ਪੱਧਰ ਉੱਤੇ ਵਾਪਰੀਆਂ ਘਟਨਾਵਾਂ ਵਿਚ ਰਾਸ਼ਟਰਪਤੀ ਵੱਲੋਂ ਯੋਗ ਅਗਵਾਈ ਨਾ ਦੇ ਸਕਣ ਦੇ ਪਹਿਲਾਂ ਹੀ ਵੱਡੇ ਦੋਸ਼ ਲੱਗਦੇ ਰਹੇ ਹਨ। ਪਰ ਹੁਣ ਇਸ ਨਵੇਂ ਹਿੰਸਕ ਅੰਦੋਲਨ ਦੇ ਭੜਕਣ ਕਾਰਨ ਹਾਲਾਤ ਹੋਰ ਵੀ ਬਦਤਰ ਹੋਏ ਨਜ਼ਰ ਆ ਰਹੇ ਹਨ। ਇਸ ਦਾ ਸਿੱਧਾ ਅਸਰ ਰਾਸ਼ਟਰਪਤੀ ਦੀ ਚੋਣ ਉਪਰ ਪੈਣ ਦੇ ਵੀ ਕਿਆਫੇ ਲੱਗ ਰਹੇ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੀ ਬਹੁਤ ਵੱਡੀ ਘੱਟ ਗਿਣਤੀ ਕਾਲੇ ਟਰੰਪ ਨੂੰ ਘੱਟ ਹੀ ਵੋਟ ਪਾਉਣਗੇ ਪਰ ਇਸ ਅੰਦੋਲਨ ‘ਚ ਸਿਰਫ ਅਫਰੀਕੀ-ਅਮਰੀਕਨ ਹੀ ਨਹੀਂ, ਸਗੋਂ ਏਸ਼ੀਅਨ ਅਤੇ ਕਈ ਹੋਰ ਦੇਸ਼ਾਂ ਦੇ ਮੂਲ ਵਾਸੀ ਵੀ ਸਰਗਰਮ ਹੋਏ ਨਜ਼ਰ ਆ ਰਹੇ ਹਨ। ਇੱਥੋਂ ਤੱਕ ਕਿ ਗੋਰੀ ਵਸੋਂ ਵੱਲੋਂ ਵੀ ਰੋਸ ਮੁਜ਼ਾਹਰਿਆਂ ਵਿਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਅਜਿਹੀ ਹਾਲਤ ਵਿਚ ਟਰੰਪ ਲਈ ਘਰੋਂ ਨਿਕਲਣਾ ਵੀ ਮੁਸ਼ਕਿਲ ਹੋਵੇਗਾ। ਜਦਕਿ ਦੂਜੇ ਪਾਸੇ ਡੈਮੋਕ੍ਰੇਟ ਦੇ ਰਾਸ਼ਟਰਪਤੀ ਲਈ ਜੋਅ ਬਿਡੇਨ ਬਹੁਤ ਸਾਰੇ ਥਾਈਂ ਮੁਜ਼ਾਹਰਿਆਂ ਵਿਚ ਸ਼ਾਮਲ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇਸ਼ ਅੰਦਰ ਨਸਲਪ੍ਰਸਤੀ ਦੀ ਨਿੰਦਾ ਕਰਦਿਆਂ ਸਮੁੱਚੇ ਅਮਰੀਕੀ ਭਾਈਚਾਰੇ ਦੀ ਏਕਤਾ ਉਪਰ ਜ਼ੋਰ ਦਿੱਤਾ ਹੈ। ਹਿੰਸਕ ਅੰਦੋਲਨ ਕਾਰਨ ਅਮਰੀਕਾ ਨੂੰ ਆਰਥਿਕਤ ਤੌਰ ‘ਤੇ ਵੱਡਾ ਨੁਕਸਾਨ ਵੀ ਹੋਇਆ ਹੈ ਅਤੇ ਨਾਲ ਦੀ ਨਾਲ ਬੜੀ ਵੱਡੀ ਜੱਦੋ-ਜਹਿਦ ਨਾਲ ਅਮਰੀਕੀ ਸਮਾਜ ਵੱਲੋਂ ਸਮਾਨਤਾ ਤੇ ਬਰਾਬਰੀ ਦੀਆਂ ਪੈਦਾ ਕੀਤੀਆਂ ਕਦਰਾਂ-ਕੀਮਤਾਂ ਨੂੰ ਵੀ ਡੂੰਘੀ ਸੱਟ ਵੱਜੀ ਹੈ। ਅਮਰੀਕਾ ਨੂੰ ਕਰੋਨਾ ਸੰਕਟ ਤੋਂ ਉਭਰਨ ਲੱਗਿਆਂ ਸ਼ਾਇਦ ਥੋੜ੍ਹਾ ਸਮਾਂ ਲੱਗਦਾ, ਪਰ ਹਿੰਸਕ ਅੰਦੋਲਨ ਨਾਲ ਪੈਦਾ ਹੋਏ ਸਮਾਜਿਕ ਪਾੜੇ ਨੂੰ ਪੂਰਾ ਕਰਨ ਵਿਚ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਵੇ।


Share