ਜਾਰਜੀਆ ਦੇ ਇੱਕ ਸਟੋਰ ’ਚ ਮਾਸਕ ਪਹਿਨਣ ਤੋਂ ਹੋਏ ਝਗੜੇ ਨੇ ਲਈ ਕੈਸ਼ੀਅਰ ਦੀ ਜਾਨ

395
Share

ਫਰਿਜ਼ਨੋ, 16 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਜਾਰਜੀਆ ਦੇ ਇੱਕ ਸਟੋਰ ’ਚ ਮਾਸਕ ਪਹਿਨਣ ਲਈ ਹੋਏ ਝਗੜੇ ਦੌਰਾਨ ਚੱਲੀ ਗੋਲੀ ’ਚ ਸਟੋਰ ਦੇ ਕੈਸ਼ੀਅਰ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਜਾਰਜੀਆ ਦੇ ਇੱਕ ਸਟੋਰ ਵਿਚ ਕੋਵਿਡ-19 ਦੀ ਮਾਸਕ ਨੀਤੀ ਨੂੰ ਲੈ ਕੇ ਇੱਕ ਬਹਿਸ ਤੋਂ ਬਾਅਦ ਗੋਲੀ ਚੱਲਣ ਕਾਰਨ ਇੱਕ ਮੌਤ ਹੋਣ ਦੇ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ। ਇਹ ਘਟਨਾ ਡੇਕਲੈਬ ਕਾਉਂਟੀ ਦੇ ਕੈਂਡਲਰ ਰੋਡ ਦੇ ਨੇੜੇ ਬਿਗ ਬੀਅਰ ਸਟੋਰ ’ਤੇ ਦੁਪਹਿਰ 1:10 ਵਜੇ ਵਾਪਰੀ। ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਅਨੁਸਾਰ ਜਾਰਜੀਆ ਦੇ ਪਲਮੇਟੋ ਨਾਲ ਸਬੰਧਿਤ ਇੱਕ 30 ਸਾਲਾ ਵਿਅਕਤੀ ਵਿਕਟਰ ਲੀ ਟਕਰ ਜੂਨੀਅਰ, ਸਟੋਰ ਵਿਚ ਦਾਖਲ ਹੋਇਆ ਸੀ ਅਤੇ ਉਸਦਾ ਇੱਕ ਕੈਸ਼ੀਅਰ ਨਾਲ ਚਿਹਰੇ ਦਾ ਮਾਸਕ ਪਾਉਣ ਨੂੰ ਲੈ ਕੇ ਝਗੜਾ ਹੋਇਆ।
ਇਸ ਦੌਰਾਨ ਟਕਰ ਆਪਣੀ ਖਰੀਦਦਾਰੀ ਕੀਤੇ ਬਿਨਾਂ ਸਟੋਰ ਛੱਡ ਗਿਆ, ਪਰ ਦੁਬਾਰਾ ਫਿਰ ਅੰਦਰ ਆ ਕੇ ਇੱਕ ਹੈਂਡਗਨ ਨਾਲ ਕੈਸ਼ੀਅਰ ਨੂੰ ਗੋਲੀ ਮਾਰ ਦਿੱਤੀ। ਇਸੇ ਦੌਰਾਨ ਸਟੋਰ ਵਿਚ ਮੌਜੂਦ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਆਪਣੀ ਗੰਨ ਨਾਲ ਟਕਰ ’ਤੇ ਗੋਲੀ ਚਲਾਈ, ਜਿਸ ਨਾਲ ਉਹ ਜਖਮੀ ਹੋ ਗਿਆ ਪਰ ਉਸਨੇ ਅਧਿਕਾਰੀ ’ਤੇ ਵੀ ਗੋਲੀ ਚਲਾਈ ਅਤੇ ਉਸਨੂੰ ਮਾਰਿਆ। ਇਸ ਹਮਲੇ ਵਿਚ ਪੀੜਤ ਕੈਸ਼ੀਅਰ ਨੂੰ ਗ੍ਰੈਡੀ ਮੈਮੋਰੀਅਲ ਹਸਪਤਾਲ ਵਿਚ ਮਿ੍ਰਤਕ ਐਲਾਨ ਦਿੱਤਾ ਗਿਆ ਅਤੇ ਡਿਪਟੀ ਨੂੰ ਵੀ ਐਟਲਾਂਟਾ ਮੈਡੀਕਲ ਸੈਂਟਰ ਲਿਜਾਇਆ ਗਿਆ। ਟਕਰ, ਜਿਸਨੂੰ ਅਧਿਕਾਰੀਆਂ ਨੇ ਸਟੋਰ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੌਰਾਨ ਗਿ੍ਰਫਤਾਰ ਕਰ ਲਿਆ ਸੀ, ਨੂੰ ਵੀ ਗ੍ਰੈਡੀ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਅਨੁਸਾਰ ਟਕਰ ਉੱਤੇ ਦੋਸ਼ ਲਗਾਉਣੇ ਅਜੇ ਬਾਕੀ ਹਨ।


Share