ਜਾਰਜੀਆ ’ਚ ਭਾਰਤੀ ਮੂਲ ਦਾ ਪੁਲਿਸ ਅਧਿਕਾਰੀ ਗੋਲੀ ਵੱਜਣ ਨਾਲ ਗੰਭੀਰ ਜ਼ਖਮੀ

297
Share

-ਘਰੇਲੂ ਝਗੜਾ ਗਿਆ ਸੀ ਨਿਪਟਾਉਣ
ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜਾਰਜੀਆ ਦੇ ਮੈਕਡੌਨੌਘ ਖੇਤਰ ’ਚ ਭਾਰਤੀ ਮੂਲ ਦਾ ਪੁਲਿਸ ਅਧਿਕਾਰੀ ਘਰੇਲੂ ਝਗੜੇ ਸਬੰਧੀ ਆਏ ਫੋਨ ’ਤੇ ਕਾਰਵਾਈ ਕਰਦਿਆਂ ਮੌਕੇ ਉਪਰ ਪੁੱਜਾ, ਤਾਂ ਇਕ ਵਿਅਕਤੀ ਨੇ ਉਸ ਉਪਰ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸਥਾਨਕ ਕਾਊਂਟੀ ਪੁਲਿਸ ਮੁਖੀ ਰਿਗਨਾਲਡ ਸਕੈਂਡਰਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ 38 ਸਾਲਾ ਪੁਲਿਸ ਅਧਿਕਾਰੀ ਪਰਮਹੰਸ ਦੇਸਾਈ ਨੇ ਮੈਕਡੌਨੌਘ ਵਿਖੇ ਘਰੇਲੂ ਝਗੜੇ ਵਿਚ ਕਾਰਵਾਈ ਕਰਦਿਆਂ ਜਦੋਂ ਇਕ ਵਿਅਕਤੀ ਨੂੰ ਗਿ੍ਰਫਤਾਰ ਕਰਨ ਦਾ ਯਤਨ ਕੀਤਾ, ਤਾਂ ਉਸ ਨੇ ਬੰਦੂਕ ਨਾਲ ਦੇਸਾਈ ਉਪਰ ਗੋਲੀ ਚਲਾ ਦਿੱਤੀ ਤੇ ਕਾਰ ਵਿਚ ਫਰਾਰ ਹੋ ਗਿਆ। ਲਾਅ ਇਨਫੋਰਸਮੈਂਟ ਏਜੰਸੀਆਂ ਨੇ ਦੋਸ਼ੀ ਦੀ ਗਿ੍ਰਫਤਾਰ ’ਚ ਮਦਦ ਕਰਨ ਵਾਸਤੇ 25000 ਡਾਲਰ ਦਾ ਇਨਾਮ ਰੱਖਿਆ ਹੈ। ਪ੍ਰਸਿੱਧ ਬਾਸਕਟਬਾਲ ਖਿਡਾਰੀ ਸ਼ਕੁਇਲ ਓ ਨੀਲ ਜੋ ਇਸ ਕਸਬੇ ਵਿਚ ਹੀ ਰਹਿੰਦਾ ਹੈ, ਨੇ ਵੀ ਦੋਸ਼ੀ ਨੂੰ ਗਿ੍ਰਫਤਾਰ ਕਰਨ ਵਿਚ ਸਹਾਇਤਾ ਕਰਨ ਵਾਲੇ ਵਿਅਕਤੀ ਨੂੰ 5000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀ ਦੀ ਪਛਾਣ ਜੋਰਡਨ ਜੈਕਸਨ ਵਜੋਂ ਕੀਤੀ ਹੈ। ਪੁਲਿਸ ਮੁਖੀ ਸਕੈਂਡਰਟ ਨੇ ਕਿਹਾ ਹੈ ਕਿ ਦੋਸ਼ੀ ਨੂੰ ਛੇਤੀ ਹੀ ਗਿ੍ਰਫਤਾਰ ਕਰਕੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ। ਜ਼ਖਮੀ ਪੁਲਿਸ ਅਧਿਕਾਰੀ ਦੇਸਾਈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਪਿਛਲੇ 17 ਸਾਲਾਂ ਤੋਂ ਲਾਅ ਇਨਫੋਰਸਮੈਂਟ ਏਜੰਸੀ ’ਚ ਕੰਮ ਕਰ ਰਿਹਾ ਹੈ। ਉਹ ਵਿਆਹਿਆ ਹੋਇਆ ਹੈ ਤੇ ਉਸ ਦੇ ਦੋ ਛੋਟੇ-ਛੋਟੇ ਬੱਚੇ ਹਨ।

Share