ਜਾਪਾਨ ਨੇ ਕੋਰੋਨਾਵਾਇਰਸ ਨੂੰ ਲੈ ਕੇ ਡਬਲਯੂ. ਐਚ. ਓ. ਦੇ ਕਦਮਾਂ ‘ਤੇ ਚੁੱਕੇ ਸਵਾਲ

784

ਟੋਕੀਓ, 16 ਮਈ (ਪੰਜਾਬ ਮੇਲ)-  ਅਮਰੀਕਾ ਤੋਂ ਬਾਅਦ ਹੁਣ ਜਾਪਾਨ ਨੇ ਵੀ ਕੋਰੋਨਾਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੂੰ ਨਿਸ਼ਾਨੇ ‘ਤੇ ਲਿਆ ਹੈ। ਪੀ. ਐਮ. ਸ਼ਿੰਜੋ ਆਬੇ ਨੇ ਕਿਹਾ ਹੈ ਕਿ ਉਹ ਕੋਰੋਨਾਵਾਇਰਸ ‘ਤੇ ਡਬਲਯੂ. ਐਚ. ਓ. ਦੀ ਸ਼ੁਰੂਆਤੀ ਪ੍ਰਤੀਕਿਰਿਆ ਦੀ ਜਾਂਚ ਦੀ ਮੰਗ ਕਰਨਗੇ। ਇਸ ਤੋਂ ਪਹਿਲਾਂ ਅਮਰੀਕਾ ਨੇ ਡਬਲਯੂ. ਐਚ. ਓ. ‘ਤੇ ਦੋਸ਼ ਲਗਾਏ ਸਨ ਕਿ ਇਸ ਦਾ ਰਵੱਈਆ ਲਾਪਰਵਾਹ ਰਿਹਾ ਹੈ ਅਤੇ ਇਸ ਦਾ ਫੈਸਲਾ ਚੀਨ ਕੇਂਦਿ੍ਰਤ ਰਿਹਾ ਹੈ।

ਆਬੇ ਨੇ ਸ਼ੁੱਕਰਵਾਰ ਨੂੰ ਇੰਟਰਨੈਟ ਪ੍ਰੋਗਰਾਮ ਦੌਰਾਨ ਕਿਹਾ ਕਿ ਯੂਰਪੀ ਸੰਘ ਦੇ ਨਾਲ ਜਾਪਾਨ ਨਿਰਪੱਖ, ਆਜ਼ਾਦ ਜਾਂਚ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਡਬਲਯੂ. ਐਚ. ਓ. ਦੀ ਜਨਰਲ ਅਸੈਂਬਲੀ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਸੋਮਵਾਰ ਨੂੰ ਹੋ ਰਹੀ ਹੈ। ਜਾਪਾਨ ਟਾਈਮਸ ਮੁਤਾਬਕ, ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਟੇਗੀ ਨੇ ਵੀ ਕਿਹਾ ਕਿ ਜਾਪਾਨ ਅਜਿਹੀਆਂ ਸਾਰੀਆਂ ਜਾਂਚ ਵਿਚ ਸਾਥ ਦੇਣ ਜਾ ਰਿਹਾ ਹੈ, ਜਿਸ ਨੂੰ ਸੁਤੰਤਰ ਇਕਾਈ ਵੱਲੋਂ ਕਰਾਇਆ ਜਾਣਾ ਚਾਹੀਦਾ ਹੈ। ਮੋਟੇਗੀ ਨੇ ਸੰਸਦ ਸੈਸ਼ਨ ਦੌਰਾਨ ਕਿਹਾ ਕਿ ਇਸ ਬੀਮਾਰੀ ਦਾ ਪੂਰੀ ਦੁਨੀਆ ‘ਤੇ ਵਿਨਾਸ਼ਕਾਰੀ ਪ੍ਰਭਾਵ ਰਿਹਾ ਹੈ ਅਤੇ ਦੁਨੀਆ ਦੇ ਨਾਲ ਨਿਰਪੱਖ ਤਰੀਕੇ ਨਾਲ ਅਤੇ ਸਮੇਂ ਨਾਲ ਜਾਣਕਾਰੀ ਸਾਂਝੀ ਹੋਣੀ ਚਾਹੀਦੀ ਤਾਂ ਜੋ ਅਸੀਂ ਇਸ ਦੇ ਪ੍ਰਸਾਰ ਨੂੰ ਹੋਰ ਜਲਦੀ ਰੋਕ ਸਕੀਏ।

ਉਨ੍ਹਾਂ ਆਖਿਆ ਕਿ ਅੰਤਰਰਾਸ਼ਟਰੀ ਭਾਈਚਾਰੇ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੈ ਕਿ ਵਾਇਰਸ ਕਿਥੋਂ ਆਇਆ ਹੈ ਅਤੇ ਉਸ ‘ਤੇ ਸ਼ੁਰੂਆਤੀ ਪ੍ਰਤੀਕਿਰਿਆ ਕਿਵੇਂ ਰਹੀ। ਇਸ ‘ਤੇ ਪੂਰੀ ਜਾਂਚ ਦੀ ਜ਼ਰੂਰਤ ਹੈ ਅਤੇ ਇਹ ਅਹਿਮ ਹੈ ਕਿ ਇਸ ਦੀ ਜਾਂਚ ਸੁਤੰਤਰ ਇਕਾਈ ਕਰੇ। ਅਮਰੀਕਾ ਅਤੇ ਇਸ ਦੇ ਕੁਝ ਸਹਿਯੋਗੀਆਂ ਨੇ ਡਬਲਯੂ. ਐਚ. ਓ. ‘ਤੇ ਦੋਸ਼ ਲਗਾਇਆ ਹੈ ਕਿ ਚੀਨ ਨੇ ਜਾਣਕਾਰੀਆਂ ਲੁਕਾਈਆਂ ਤਾਂ ਉਹ ਚੁੱਪ ਰਿਹਾ। ਜੇਕਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਤਾਂ ਵਾਇਰਸ ਨੂੰ ਰੋਕਿਆ ਜਾ ਸਕਦਾ ਸੀ। ਅਮਰੀਕਾ ਨੇ ਡਬਲਯੂ. ਐਚ. ਓ. ਨੂੰ ਦਿੱਤੀ ਜਾਣ ਵਾਲੀ ਸਾਲਾਨਾ ਫੰਡਿੰਗ ‘ਤੇ ਰੋਕ ਲਾ ਦਿੱਤੀ ਹੈ।