ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਯੋਸ਼ੀਹਿਦੇ ਸੁਗਾ

713

ਟੋਕੀਓ, 17 ਸਤੰਬਰ (ਪੰਜਾਬ ਮੇਲ)-ਜਾਪਾਨ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ.ਡੀ.ਪੀ.) ਦੇ ਨਵੇਂ ਨੇਤਾ ਯੋਸ਼ੀਹਿਦੇ ਸੁਗਾ ਨੂੰ ਬੁੱਧਵਾਰ ਨੂੰ ਸੰਸਦ ‘ਚ ਮਤਦਾਨ ਮਗਰੋਂ ਜਾਪਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ। ਉਹ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਉੱਤਰਾਧਿਕਾਰੀ ਬਣੇ ਹਨ। ਸ਼ਿੰਜ਼ੋ ਆਬੇ ਨੇ ਪਿਛਲੇ ਮਹੀਨੇ ਸਿਹਤ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਸੁਗਾ ਨੇ ਨਵੇਂ ਮੰਤਰੀ ਮੰਡਲ ਦਾ ਗਠਨ ਕੀਤਾ ਹੈ, ਜਿਸ ਵਿਚ ਕਈ ਪੁਰਾਣੇ ਮੰਤਰੀ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਨੇਬੂਓ ਕਿਸ਼ੀ ਨੂੰ ਰੱਖਿਆ ਮੰਤਰੀ ਬਣਾਇਆ ਹੈ। ਉਹ ਮੰਤਰੀ ਮੰਡਲ ਵਿਚ ਨਵੇਂ ਚਿਹਰੇ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦੇ ਭਰਾ ਹਨ। ਐੱਨ.ਐੱਚ. ਕੇ. ਦੀਆਂ ਰਿਪੋਰਟਾਂ ਮੁਤਾਬਕ ਸ਼੍ਰੀ ਸੁਗਾ ਜੋ ਕਿ ਮੰਤਰੀ ਮੰਡਲ ਵਿਚ 7 ਸਾਲ ਤੋਂ ਵੱਧ ਸਮਾਂ ਮੁੱਖ ਕੈਬਨਿਟ ਸਕੱਤਰ ਰਹੇ, ਸ਼੍ਰੀ ਆਬੇ ਦੇ ਕਾਫ਼ੀ ਕਰੀਬੀ ਰਹੇ ਹਨ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸੁਗਾ ਨੂੰ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ।