ਜਾਤੀਸੂਚਕ ਸ਼ਬਦ ਬੋਲਣ ਦਾ ਮਾਮਲਾ: ਪੁਲਿਸ ਨੇ ਯੁਵਰਾਜ ਸਿੰਘ ਦੀ ਗਿ੍ਰਫ਼ਤਾਰੀ ਦਿਖਾ ਜਾਂਚ ਅੱਗੇ ਵਧਾਈ

449
Share

-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ’ਤੇ ਰਸਮੀ ਜ਼ਮਾਨਤ ’ਤੇ ਕੀਤਾ ਗਿਆ ਰਿਹਾਅ
ਚੰਡੀਗੜ੍ਹ, 18 ਅਕਤੂਬਰ (ਪੰਜਾਬ ਮੇਲ)- ਇੰਸਟਾਗ੍ਰਾਮ ਲਾਈਵ ’ਤੇ ਸਾਥੀ ਖਿਡਾਰੀਆਂ ਨਾਲ ਗੱਲਬਾਤ ਦੌਰਾਨ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਭਾਰਤੀ ਕਿ੍ਰਕਟਰ ਯੁਵਰਾਜ ਸਿੰਘ ’ਤੇ ਕੋਰਟ ਨੇ ਸਖਤੀ ਦਿਖਾਈ ਹੈ। ਹਾਂਸੀ ’ਚ ਦਰਜ ਹੋਏ ਕੇਸ ਤੋਂ ਬਾਅਦ ਯੁਵਰਾਜ ਸਿੰਘ ਜਾਂਚ ’ਚ ਸ਼ਾਮਲ ਹੋ ਗਏ। ਪੁਲਿਸ ਨੇ ਉਨ੍ਹਾਂ ਦੀ ਗਿ੍ਰਫ਼ਤਾਰੀ ਦਿਖਾ ਕੇ ਜਾਂਚ ਅੱਗੇ ਵਧਾ ਦਿੱਤੀ ਹੈ। ਯੁਵਰਾਜ ਸਿੰਘ ਇਸ ਮਾਮਲੇ ’ਚ ਪਹਿਲਾਂ ਹੀ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਲੈ ਚੁੱਕੇ ਹਨ। ਅਦਾਲਤ ਨੇ ਯੁਵਰਾਜ ਸਿੰਘ ਨੂੰ ਹਾਂਸੀ ’ਚ ਦਰਜ ਮਾਮਲੇ ਦੀ ਜਾਂਚ ਲਈ ਪੁਲਿਸ ਨੂੰ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਸਨ। ਯੁਵਰਾਜ ਇਸ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ’ਤੇ ਹਿਸਾਰ ਦੇ ਜੀਓ ਮੈਸ ਪਹੁੰਚੇ ਸਨ। ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀਆਂ ਸਮੇਤ ਚਾਰ-ਪੰਜ ਲੋਕਾਂ ਦਾ ਸਟਾਫ ਚੰਡੀਗੜ੍ਹ ਤੋਂ ਹਿਸਾਰ ਪਹੁੰਚਿਆ।
ਯੁਵਰਾਜ ਸਿੰਘ ਨੇ ਖੁਦ ਹਾਈਕੋਰਟ ’ਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਟਿੱਪਣੀਆਂ ਨੂੰ ਸਵੀਕਾਰ ਕੀਤਾ ਸੀ ਪਰ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸ਼ਬਦ ਕਹਿਣਾ ਗਲਤ ਹੈ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕਿਹਾ। ਪੁੱਛਗਿੱਛ ਤੋਂ ਬਾਅਦ ਯੁਵਰਾਜ ਸਿੰਘ ਨੂੰ ਹਾਈਕੋਰਟ ਦੇ ਆਦੇਸ਼ਾਂ ’ਤੇ ਰਸਮੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਹੁਣ ਇਹ ਮਾਮਲਾ ਅਦਾਲਤ ’ਚ ਵਿਚਾਰ-ਅਧੀਨ ਹੈ।
ਜ਼ਿਕਰਯੋਗ ਹੈ ਕਿ ਹਾਂਸੀ ਦੇ ਵਕੀਲ ਰਜਤ ਕਲਸਨ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ ਕਿ ਯੁਵਰਾਜ ਸਿੰਘ ਨੇ ਆਪਣੇ ਸਾਥੀਆਂ ਨਾਲ ਇੰਸਟਾਗ੍ਰਾਮ ਲਾਈਵ ’ਤੇ ਐੱਸ.ਸੀ. ਭਾਈਚਾਰੇ ’ਤੇ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਯੁਵਰਾਜ ਸਿੰਘ ’ਤੇ ਧਾਰਾ 153 ਏ ਤਹਿਤ ਮਾਮਲਾ ਦਰਜ ਕੀਤਾ ਗਿਆ। ਯੁਵਰਾਜ ਸਿੰਘ ਨੇ ਇਸ ਮਾਮਲੇ ਨੂੰ ਖਾਰਿਜ ਕਰਵਾਉਣ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਹਾਈਕੋਰਟ ਨੇ ਯੁਵਰਾਜ ਨੂੰ ਅਗਾਊਂ ਜ਼ਮਾਨਤ ਦੇ ਹੁਕਮ ਦਿੱਤੇ ਸਨ।

Share