‘ਜਾਗੋ” ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ;

738

ਸੁਮੇਧ ਸੈਣੀ ਦੀ 3 ਦਿਨ ਵਿੱਚ ਗ੍ਰਿਫਤਾਰੀ ਨਹੀਂ ਹੋਣ ਉੱਤੇ ਪੰਜਾਬ ਭਵਨ ਦਾ ‘ਜਾਗੋ’ ਕਰੇਗੀ ਘਿਰਾਓ : ਜੀਕੇ
ਨਵੀਂ ਦਿੱਲੀ, 8 ਸਤੰਬਰ (ਪੰਜਾਬ)- ਜਾਗੋ ਪਾਰਟੀ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੀ ਢਿੱਲ ਉੱਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੈਣੀ ਦੀ ਮੁਲਤਾਨੀ ਮਰਡਰ ਕੇਸ ਵਿੱਚ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹੋਏ 3 ਦਿਨਾਂ ਵਿੱਚ ਗ੍ਰਿਫਤਾਰੀ ਨਾ ਹੋਣ ਉੱਤੇ ਜਾਗੋ ਪਾਰਟੀ ਵੱਲੋਂ ਦਿੱਲੀ ਸਥਿਤ ਪੰਜਾਬ ਭਵਨ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਜੀਕੇ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪਹਿਲਾਂ ਅਕਾਲੀ ਅਤੇ ਹੁਣ ਕਾਂਗਰਸ ਦੀ ਸਰਕਾਰ ਸੈਣੀ ਨੂੰ ਗ੍ਰਿਫਤਾਰ ਕਰਨ ਦੀ ਜਗਾ ਕਾਨੂੰਨੀ ਰਾਹਤ ਪ੍ਰਾਪਤ ਕਰਨ ਦੇ ਭਰਪੂਰ ਮੌਕੇ ਦੇ ਰਹੀ ਹੈ। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੈਣੀ ਨੂੰ ਜ਼ਮਾਨਤ ਅਤੇ ਦੂਜੇ ਸੂਬੇ ਵਿੱਚ ਕੇਸ ਤਬਦੀਲ ਕਰਨ ਦੀ ਮੰਗ ਰੱਦ ਕਰਨ ਦੇ ਬਾਅਦ ਵੀ ਜੇਕਰ ਪੰਜਾਬ ਪੁਲਿਸ ਸੈਣੀ ਨੂੰ ਗ੍ਰਿਫਤਾਰ ਨਹੀਂ ਕਰਦੀ, ਤਾਂ ਇਹ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਨਾਲ ਵੱਡਾ ਧੋਖਾ ਹੋਵੇਗਾ।
ਜੀਕੇ ਨੇ ਕਿਹਾ ਕਿ ਇੱਕ ਤਰਫ਼ ਪੰਜਾਬ ਪੁਲਿਸ ਉੱਤੇ ਨਿਰਦੋਸ਼ ਸਿੱਖ ਨੌਜਵਾਨਾਂ ਉੱਤੇ ਯੂਐਪੀਏ ਦੇ ਫ਼ਰਜ਼ੀ ਕੇਸ ਦਰਜ ਕਰਕੇ ਜੇਲਾਂ ਵਿੱਚ ਪਾਉਣ ਦੇ ਗੰਭੀਰ ਇਲਜ਼ਾਮ ਲੱਗ ਰਹੇ ਹਨ ਅਤੇ ਦੂਜੇ ਪਾਸੇ ਕਾਤਲ ਸੈਣੀ ਨੂੰ ਭੱਜਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਲਈ ਪੰਜਾਬ ਪੁਲਿਸ ਦੇ ਦੋਹਰੇ ਮਾਪਦੰਡ ਦਾ ਵਿਰੋਧ ਕਾਨੂੰਨ ਅਤੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਜਾਗੋ ਪਾਰਟੀ ਕਰੇਗੀ। ਜੀਕੇ ਨੇ ਸੈਣੀ ਮਾਮਲੇ ਵਿੱਚ ਅਕਾਲੀਆਂ ਦੀ ਚੁੱਪੀ ਉੱਤੇ ਵੀ ਹੈਰਾਨੀ ਜਤਾਈ।