ਜਾਗੋ ਦੇ ਕਾਫ਼ਲੇ ਵਿੱਚ ਸ਼ਾਮਿਲ ਹੋਏ ਪਤਵੰਤੇ ਸਿੱਖ

479
Share

ਕਮੇਟੀ ਚੋਣਾਂ ਵਿੱਚ ਸੰਗਤ ਕੋਲ ਸਿੱਖ ਨੀਤੀ ਅਤੇ ਰਾਜਨੀਤੀ ਵਿੱਚ ਚੋਣ ਦਾ ਮੌਕਾ : ਜੀਕੇ

ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਰ ਬਣਾਉਣ ਦਾ ਕੰਮ ਸ਼ੁਰੂ ਹੋਣ ਉੱਤੇ ਜਾਗੋ ਪਾਰਟੀ ਨੇ ਖ਼ੁਸ਼ੀ ਜਤਾਈ ਹੈਂ।  ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਟੈਗੋਰ ਗਾਰਡਨ ਵਿਖੇ ‘ਸੰਗਤ ਦਰਸ਼ਨ’ ਪ੍ਰੋਗਰਾਮ ਦੌਰਾਨ ਬੋਲਦੇ ਹੋਏ 2021  ਦੀਆਂ ਕਮੇਟੀ ਚੋਣਾਂ ਨੂੰ ਸਿੱਖ ਨੀਤੀ ਅਤੇ ਰਾਜਨੀਤੀ ਦੇ ਵਿੱਚ ਚੋਣ ਦੱਸਿਆ। ਸੰਗਤ ਵੱਲੋਂ ਸਿੱਖ ਨੀਤੀ ਨੂੰ ਚੁਣਨ ਦੀ ਆਸ ਜਤਾਉਂਦੇ ਹੋਏ ਜੀਕੇ ਨੇ ਕਿਹਾ ਕਿ ਮੇਰੇ ਪਰਵਾਰ ਨੇ ਪੰਥ ਲਈ ਆਪਣਾ ਸਭ ਕੁੱਝ ਦਾਅ ਉੱਤੇ ਲਗਾਇਆ ਹੈਂ। ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਔਰੰਗਜ਼ੇਬ  ਵੱਲੋਂ ਗੁਰਦੁਆਰਾ ਸੀਸਗੰਜ  ਦੇ ਨਾਲ ਲੱਗਦੀ ਕੋਤਵਾਲੀ ਵਿੱਚ ਗੁਰੂ ਸਾਹਿਬ ਨੂੰ ਕੈਦ ਕਰਨ ਦਾ ਹਵਾਲਾ ਦਿੰਦੇ ਹੋਏ ਜੀਕੇ ਨੇ ਕਿਹਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਕੋਤਵਾਲੀ ਦਾ ਰਲੇਵਾ ਕਰਨਾ ਆਸਾਨ ਨਹੀਂ ਸੀ। ਕਿਉਂਕਿ ਮੁਸਲਮਾਨ ਭਾਈਚਾਰੇ ਨੂੰ ਲੱਗਦਾ ਸੀ ਕਿ ਕੋਤਵਾਲੀ ਦੇ ਬਾਅਦ ਸਿੱਖ ਸੁਨਹਿਰੀ ਮਸਜਿਦ ਉੱਤੇ ਵੀ ਦਾਅਵਾ ਕਰ ਸਕਦੇ ਹਨ,  ਕਿਉਂਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਉਣ ਵਿੱਚ ਮਸਜਿਦ ਦੇ ਲੋਕਾਂ ਦਾ ਵੀ ਹੱਥ ਸੀ। ਪਰ ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ ਸੂਝਬੂਝ ਨਾਲ ਸਾਰੇ ਸਿਆਸੀ ਅਤੇ ਧਾਰਮਿਕ ਨੇਤਾਵਾਂ ਨੂੰ ਕੋਤਵਾਲੀ ਗੁਰਦੁਆਰਾ ਸਾਹਿਬ ਨੂੰ ਦਿਵਾਉਣ ਲਈ ਰਾਜ਼ੀ ਕੀਤਾ ਸੀ। ਬੇਸ਼ੱਕ ਇਸ ਦੇ ਲਈ ਉਨ੍ਹਾਂ ਨੂੰ ਕੋਤਵਾਲੀ ਨਾ ਮਿਲਣ ਉੱਤੇ ਖ਼ੁਦਕੁਸ਼ੀ ਕਰਨ ਤੱਕ ਦੀ ਧਮਕੀ ਵੀ ਦੇਣੀ ਪਈ ਸੀ।
ਜੀਕੇ ਨੇ ਮੌਜੂਦਾ ਕਮੇਟੀ ਨੇਤਾਵਾਂ ਦੀ ਨਾਕਾਮੀਆਂ ਗਿਣਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਗ਼ਾਇਬ ਸਰੂਪਾਂ,  ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਬਦਹਾਲੀ ਸਣੇ ਕਮੇਟੀ ਦੇ ਸਿਆਸੀ ਇਸਤੇਮਾਲ ਦਾ ਵੇਰਵਾ ਵੀ ਦਿੱਤਾ। ਜੀਕੇ ਨੇ ਕਿਹਾ ਕਿ ਇਸ ਵਾਰ ਦੀਆਂ ਕਮੇਟੀ ਚੋਣਾਂ ‘ਚ ਸੰਗਤਾਂ ਲਈ ਸਿੱਖ ਨੀਤੀ ਨੂੰ ਚੁਣਨ ਲਈ ਬਿਹਤਰ ਮੌਕਾ ਹੈ। ਇਸ ਮੌਕੇ ਖੇਤਰ ਦੇ ਪਤਵੰਤੇ
ਸਿੱਖਾਂ ਅਤੇ ਨੌਜਵਾਨਾਂ ਨੂੰ ਜੀਕੇ ਨੇ ਸਿਰੋਪਾ ਦੇ ਕੇ ਦਲ ਵਿੱਚ ਸ਼ਾਮਿਲ ਕਰਵਾਇਆ।  ਜਿਸ ਵਿੱਚ ਕੁਲਦੀਪ ਸਿੰਘ  ਬੌਬੀ, ਜਤਿੰਦਰ ਸਿੰਘ ਮੁਖੀ,  ਤਜਿੰਦਰ ਸਿੰਘ, ਸਤਿੰਦਰ ਸਿੰਘ ਲਵਲੀ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਬੱਗਾ, ਮੰਨੀ ਸਿੰਘ ਜੱਗੀ,  ਜਗਮੋਹਨ ਸਿੰਘ, ਸੁਰਜੀਤ ਸਿੰਘ, ਜਸਪ੍ਰੀਤ ਸਿੰਘ  ਸੰਨੀ, ਅਮਰਜੀਤ ਸਿੰਘ,  ਸਿਮਰਨਜੀਤ ਸਿੰਘ,  ਜਸਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਆਦਿਕ ਸ਼ਾਮਿਲ ਹਨ। ਜਾਗੋ ਦੇ ਸੂਬਾ ਪ੍ਰਧਾਨ ਚਮਨ ਸਿੰਘ  ਸ਼ਾਹਪੁਰਾ ਅਤੇ ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ, ਜਦੋਂ ਕਿ ਜਾਗੋ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਕਮੇਟੀ ਮੈਂਬਰ ਹਰਜਿੰਦਰ ਸਿੰਘ ਸਣੇ ਕਈ ਨੇਤਾ ਮੌਜੂਦ ਸਨ।

Share