ਜਾਖੜ ਵਲੋਂ ਦਿੱਤੇ ਝਟਕੇ ਮਗਰੋਂ ਕਾਂਗਰਸ ਹਾਈਕਮਾਨ ਹੋਈ ਚੌਕਸ; ਪੰਜਾਬ ਵਿਚਲੇ ਹੋਰ ਪਾਰਟੀ ਆਗੂਆਂ ‘ਤੇ ਰੱਖੀ ਜਾ ਰਹੀ ਹੈ ਨਜ਼ਰ

46
Share

ਚੰਡੀਗੜ੍ਹ, 19 ਮਈ (ਪੰਜਾਬ ਮੇਲ)-ਪੰਜਾਬ ਕਾਂਗਰਸ ‘ਚ ਚੋਟੀ ਦੇ ਨੇਤਾ ਰਹੇ ਸੁਨੀਲ ਜਾਖੜ ਵੱਲੋਂ ਦਿੱਤੇ ਝਟਕੇ ਨੂੰ ਕਾਂਗਰਸ ਹਾਈਕਮਾਨ ਪਚਾ ਨਹੀਂ ਪਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਖੜ ਵਲੋਂ ਦਿੱਤੇ ਝਟਕੇ ਮਗਰੋਂ ਕਾਂਗਰਸ ਹਾਈਕਮਾਨ ਚੌਕਸ ਹੋ ਗਈ ਹੈ ਅਤੇ ਪੰਜਾਬ ਵਿਚਲੇ ਹੋਰ ਪਾਰਟੀ ਆਗੂਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਪੰਜਾਬ ਦੇ ਆਗੂਆਂ ਦੇ ਨਾਲ-ਨਾਲ ਹਰਿਆਣਾ ਵਿਚਲੇ ਪਾਰਟੀ ਆਗੂਆਂ ‘ਤੇ ਵੀ ਨਜ਼ਰ ਰੱਖ ਰਹੀ ਹੈ। ਕਾਂਗਰਸ ਹਾਈਕਮਾਨ ਦੋਵੇਂ ਸੂਬਿਆਂ ਦੇ ਸੀਨੀਅਰ ਆਗੂਆਂ ਦੀ ਬਿਆਨਬਾਜ਼ੀ ਅਤੇ ਉਨ੍ਹਾਂ ਦੇ ਹੋਰ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤਾਂ ‘ਤੇ ਵੀ ਨਜ਼ਰ ਰੱਖੀ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਮਗਰੋਂ ਉਨ੍ਹਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪਣੀ ਪਾਰਟੀ ਬਣਾ ਲਈ ਸੀ, ਜਿਸ ਮਗਰੋਂ ਕੈਪਟਨ ਵੱਲੋਂ ਪਾਰਟੀ ਵਿਚਲੇ ਕਈ ਸੀਨੀਅਰ ਆਗੂਆਂ ਨੂੰ ਕਾਂਗਰਸ ਪਾਰਟੀ ਛੱਡਣ ਲਈ ਹੱਲਾਸ਼ੇਰੀ ਦਿੱਤੀ ਗਈ ਸੀ, ਜਿਸ ਮਗਰੋਂ ਕਈ ਵੱਡੇ ਨੇਤਾ ਭਾਜਪਾ ‘ਚ ਸ਼ਾਮਲ ਵੀ ਹੋ ਗਏ ਸਨ। ਕਾਂਗਰਸ ਹਾਈਕਮਾਨ ਨੂੰ ਹੁਣ ਫਿਰ ਡਰ ਸਤਾਉਣ ਲੱਗਾ ਹੈ ਕਿ ਸੁਨੀਲ ਜਾਖੜ ਦੇ ਪਾਰਟੀ ਨੂੰ ਅਲਵਿਦਾ ਕਹਿਣ ਮਗਰੋਂ ਕਿਤੇ ਪਾਰਟੀ ਦੇ ਕਈ ਹੋਰ ਨੇਤਾ ਵੀ ਉਨ੍ਹਾਂ ਦੇ ਪਿੱਛੇ ਨਾ ਤੁਰ ਪੈਣ, ਜਿਸ ਦੇ ਚਲਦੇ ਪਾਰਟੀ ਆਗੂਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਸੂਤਰ ਦੱਸਦੇ ਹਨ ਕਿ ਕਾਂਗਰਸ ਪਾਰਟੀ ਦੇ ਆਗੂ ਸੁਨੀਲ ਜਾਖੜ ਨਾਲ ਸੰਪਰਕ ਵੀ ਸਾਧ ਰਹੇ ਹਨ, ਤਾਂ ਕਿ ਉਹ ਆਪਣੀ ਅਗਲੀ ਰਣਨੀਤੀ ਬਣਾ ਸਕਣ। ਸੁਨੀਲ ਜਾਖੜ ਇਸ ਵੇਲੇ ਦਿੱਲੀ ਵਿਚ ਡੇਰਾ ਲਾ ਕੇ ਬੈਠੇ ਹਨ, ਜਿਸ ਦੇ ਚਲਦੇ ਕਾਂਗਰਸ ਹਾਈਕਮਾਨ ਦੀ ਚਿੰਤਾ ਹੋਰ ਵਧ ਗਈ ਹੈ। ਕਾਂਗਰਸ ਹਾਈਕਮਾਨ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਸੁਨੀਲ ਜਾਖੜ ਪਾਰਟੀ ਛੱਡ ਚੁੱਕੇ ਹਨ ਅਤੇ ਕਿਧਰੇ ਇਹ ਨਾ ਹੋਵੇ ਕਿ ਆਪਣੇ ਨਾਲ ਕਈ ਹੋਰ ਆਗੂਆਂ ਨੂੰ ਪਾਰਟੀ ਨਾਲੋਂ ਤੋੜ ਲੈਣ। ਉੱਧਰ ਸੁਨੀਲ ਜਾਖੜ ‘ਤੇ ਪਾਰਟੀ ਨੂੰ ਅਲਵਿਦਾ ਕਹਿਣ ਮੌਕੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਜਾਖੜ ਦੇ ਹੱਕ ‘ਚ ਆ ਜਾਣ ਨਾਲ ਵੀ ਕਾਂਗਰਸ ਹਾਈਕਮਾਨ ਔਖੀ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਬਣਨ ਮਗਰੋਂ ਪਾਰਟੀ ਆਗੂਆਂ ਨਾਲ ਰਾਬਤਾ ਬਣਾਉਣ ਦੀ ਬਣਾਈ ਰਣਨੀਤੀ ਦੌਰਾਨ ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਮਿਲੇ ਸਨ।


Share