ਜਸਪਾਲ ਸਿੰਘ ਧਾਲੀਵਾਲ ਨੇ ਫਰਿਜ਼ਨੋ ’ਚ ਵਸਾਇਆ ਮਿੰਨੀ ਪੰਜਾਬ

369
Share

ਫਰਿਜ਼ਨੋ, 21 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਸ਼ਹਿਰ ਜਿੱਥੇ ਪੰਜਾਬੀਆਂ ਦੀ ਸੰਘਣੀ ਵੱਸੋਂ ਹੋਣ ਕਰਕੇ ਮਿੰਨੀ ਪੰਜਾਬ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਉਥੇ ਫਰਿਜ਼ਨੋ ਸ਼ਹਿਰ ਵਿਚ ਪੰਜਾਬੀ ਡਾਕਟਰਾਂ, ਪੰਜਾਬੀ ਟਰਾਂਸਪੋਰਟਰਾਂ, ਪੰਜਾਬੀ ਫਾਰਮਰਾਂ ਅਤੇ ਸਟੋਰਾਂ ਦੇ ਮਾਲਕਾਂ ਨੇ ਪੂਰੀ ਦੁਨੀਆਂ ਵਿਚ ਧੁੰਮ ਪਾਈ ਹੋਈ ਹੈ। ਸਾਡੀ ਟੀਮ ਨੂੰ ਫਰਿਜ਼ਨੋ ਨਿਵਾਸੀ ਜਸਪਾਲ ਸਿੰਘ ਬਿਲਾਸਪੁਰ (ਪਾਲ) ਅਤੇ ਉਨ੍ਹਾਂ ਦੇ ਸਪੁੱਤਰ ਖੁਸ਼ ਧਾਲੀਵਾਲ, ਜਿਸ ਨੂੰ ਪਿਆਰ ਨਾਲ ਪੰਜਾਬੀ ਕੈਵਿਨ ਵੀ ਸੱਦਦੇ ਹਨ, ਦੇ ਫ਼ਾਰਮ ’ਤੇ ਜਾਣ ਦਾ ਮੌਕਾ ਲੱਗਿਆ, ਜਿੱਥੇ ਉਹ ਫਾਰਮਿੰਗ ਦੇ ਨਾਲ-ਨਾਲ ਟਰੱਕਿੰਗ ਕੰਪਨੀ ਵੀ ਰੰਨ ਕਰਦੇ ਹਨ ਤੇ ਇੱਥੇ ਟਰੱਕ ਰਿਪੇਅਰ ਸ਼ਾਪ ਵੀ ਚਲਾਉਂਦੇ ਹਨ।
ਪਾਲ ਧਾਲੀਵਾਲ ਨੇ ਦੱਸਿਆ ਕਿ 1996 ਵਿਚ ਉਹ ਇਕੱਲੇ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਤੋਂ ਪਰਿਵਾਰ ਦੇ ਉੱਜਲੇ ਭਵਿੱਖ ਲਈ ਕੱਚੇ ਤੌਰ ’ਤੇ ਅਮਰੀਕਾ ਆਏ ਸਨ। ਇੱਥੇ ਆ ਕੇ ਉਨ੍ਹਾਂ ਰੈਸਟੋਰੈਟਾਂ ’ਤੇ ਕੰਮ ਵੀ ਕੀਤਾ। ਖ਼ੁਦ ਆਪ ਕਈ ਸਾਲ ਟਰੱਕ ਵੀ ਚਲਾਇਆ। ਫਿਰ ਹੌਲੀ-ਹੌਲੀ ਪੱਕੇ ਹੋਏ ਤੇ ਫੇਰ ਪਰਿਵਾਰ ਅਮਰੀਕਾ ਆਇਆ। ਖੁਸ਼ ਧਾਲੀਵਾਲ ਨੇ ਜਵਾਨ ਹੋ ਕੇ ਟਰੱਕਿੰਗ ਦੇ ਕੰਮ ਨੂੰ ਹੋਰ ਵਧਾਇਆ ਤੇ ਅੱਜ ਧਾਲੀਵਾਲ ਪਰਿਵਾਰ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿਚ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਹੁਣ ਜਸਪਾਲ ਧਾਲੀਵਾਲ ਅਤੇ ਬੇਟਾ ਖੁਸ਼ ਧਾਲੀਵਾਲ ਜੇ.ਐੱਨ. ਟਰਾਂਸਪੋਰਟ ਨਾਮੀ ਟਰੱਕਿੰਗ ਕੰਪਨੀ ਚਲਾ ਰਹੇ ਹਨ ਅਤੇ ਪੰਜਾਬੀ ਸਰਦਾਰਾਂ ਵਾਂਗ ਆਪਣੇ ਸ਼ੌਕ ਪਾਲ ਰਹੇ ਹਨ। ਖੁਸ਼ ਧਾਲੀਵਾਲ ਨੇ ਤਕਰੀਬਨ ਵੀਹ ਏਕੜ ਵਿਚ ਆਪਣਾ ਟਰੱਕ ਯਾਰਡ ਬਣਾਇਆ ਤੇ ਇੱਥੇ ਕਈ ਘੋੜੇ ਪਾਲ ਰੱਖੇ ਨੇ, ਅਤੇ ਇਸ ਘੋੜਿਆਂ ਦੇ ਤਬੇਲੇ ਦਾ ਸ਼ਿੰਗਾਰ ਬਣੇ ਭਾਰਤੀ ਨਸਲ ਦੇ ਦੋ ਮਾਰਵਾੜੀ ਘੋੜੇ ਜਿੰਨਾ ਦੀ ਕੀਮਤ ਤਕਰੀਬਨ ਡੇਢ ਲੱਖ ਡਾਲਰ ਦੱਸੀ ਜਾ ਰਹੀ ਹੈ। ਇੱਥੇ ਇਨ੍ਹਾਂ ਨੇ ਚਿੱਟੇ ਰੰਗ ਦੇ ਮੋਰ, ਸੀਲ ਕੁੱਕੜ, ਦੇਸੀ ਮੁਰਗ਼ੇ, ਕਚੋਰੀਆ, ਕੁੱਤੇ, ਬੱਕਰੀਆਂ, ਪੋਨੀਆਂ ਆਦਿ ਵੀ ਵਾੜੇ ਦਾ ਸ਼ਿੰਗਾਰ ਬਣਾਏ ਹੋਏ ਹਨ। ਖੁਸ਼ ਧਾਲੀਵਾਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਇੱਥੇ ਇੱਕ ਦਧਾਰੂ ਗਾਂ ਵੀ ਰੱਖੀ ਸੀ, ਜਿਸ ਹੇਠ ਬਹੁਤ ਜ਼ਿਆਦਾ ਦੁੱਧ ਸੀ ਅਤੇ ਅਸੀਂ ਦੁੱਧ, ਲੱਸੀ, ਦਹੀ ਸਾਂਭ ਨਾ ਸਕੇ, ਜਿਸ ਕਰਕੇ ਸਾਨੂੰ ਇਹ ਗਾਂ ਵਾਪਸ ਡੇਰੀ ਵਿਚ ਭੇਜਣੀ ਪਈ। ਖੁਸ਼ ਧਾਲੀਵਾਲ ਗੰਨਾ ਰੱਖਣ ਦਾ ਵੀ ਸ਼ੌਂਕੀ ਹੈ। ਮਹਿੰਗੀਆਂ ਕਾਰਾਂ ਵੀ ਉਸਨੇ ਆਪਣੀ ਕੁਲੈਕਸ਼ਨ ਵਿਚ ਸ਼ਾਮਲ ਕੀਤੀਆਂ ਹੋਈਆਂ ਨੇ। ਖੁਸ਼ ਧਾਲੀਵਾਲ ਦੇ ਯਾਰਡ ’ਚ ਜਾ ਕੇ ਉਨ੍ਹਾਂ ਦੇ ਸ਼ੌਕ ਵੇਖ ਕੇ ਵਾਕਿਆ ਇੰਝ ਲੱਗਦਾ ਜਿਵੇਂ ਧਾਲੀਵਾਲ ਪਿਓ-ਪੁੱਤਾਂ ਨੇ ਫਰਿਜ਼ਨੋ ’ਚ ਇੱਕ ਵੱਖਰਾ ਬਿਲਾਸਪੁਰ ਵਸਾ ਰੱਖਿਆ ਹੋਵੇ। ਦੁਆ ਕਿ ਇਹ ਪਰਿਵਾਰ ਆਪਣੀ ਮਿਹਨਤ ਨਾਲ ਹੋਰ ਵਧੇ ਫੁੱਲੇ।

Share