ਜਸਟਿਸ ਸਾਰੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਨਿਯੁਕਤ

481
Share

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਗਲੇ ਵਰ੍ਹੇ ਕਿਸੇ ਵੀ ਸਮੇਂ ਹੋਣ ਦੀ ਸੰਭਾਵਨਾ

ਜਲੰਧਰ, 7 ਅਕਤੂਬਰ, (ਮੇਜਰ ਸਿੰਘ/ਪੰਜਾਬ ਮੇਲ)- ਕੇਂਦਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਵਾਲੇ ਗੁਰਦੁਆਰਾ ਚੋਣ ਕਮਿਸ਼ਨ ਦਾ ਚੇਅਰਮੈਨ ਜਸਟਿਸ (ਸੇਵਾਮੁਕਤ) ਐੱਸ.ਐੱਸ. ਸਾਰੋਂ ਨੂੰ ਨਿਯੁਕਤ ਕੀਤਾ ਹੈ।
ਚੋਣ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਪਿਛਲੇ ਕਈ ਸਾਲਾ ਤੋਂ ਖਾਲੀ ਪਿਆ ਸੀ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਪਿਛਲੀ ਵਾਰ 2011 ‘ਚ ਹੋਈਆਂ ਸਨ। ਪਰ ਇਸ ਚੋਣ ਨੂੰ ਚੁਣੌਤੀ ਦਿੱਤੇ ਜਾਣ ਕਾਰਨ ਚੁਣੇ ਗਏ ਮੈਂਬਰਾਂ ਦੇ ਆਪਣਾ ਕਾਰਜਭਾਰ ਸੰਭਾਲਣ ਉਪਰ ਰੋਕ ਲਗਾ ਦਿੱਤੀ ਗਈ ਸੀ ਤੇ ਫਿਰ 2016 ‘ਚ ਅਦਾਲਤ ਵਲੋਂ ਦਿੱਤੇ ਫ਼ੈਸਲੇ ਤਹਿਤ 2011 ‘ਚ ਚੁਣੇ ਮੈਂਬਰਾਂ ਨੇ ਆਪਣਾ ਅਹੁਦਾ ਸੰਭਾਲਿਆ ਤੇ 2016 ਦੀ ਸ਼੍ਰੋਮਣੀ ਕਮੇਟੀ ਦੀ ਬਣਦੀ ਆਮ ਚੋਣ ਨਹੀਂ ਸੀ ਹੋਈ। ਬਹੁਤ ਸਾਰੇ ਅਕਾਲੀ ਦਲ (ਬ) ਵਿਰੋਧੀ ਧੜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਏ ਜਾਣ ਦੀ ਮੰਗ ਵੀ ਕਰਦੇ ਰਹੇ ਹਨ। ਹੁਣ ਅਕਾਲੀ ਦਲ (ਬ) ਦੇ ਭਾਜਪਾ ਨਾਲੋ ਤੋੜ-ਵਿਛੋੜੇ ਦੇ ਕੁਝ ਦਿਨਾਂ ਬਾਅਦ ਹੀ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਗਲੇ ਵਰ੍ਹੇ ਕਿਸੇ ਵੀ ਸਮੇਂ ਹੋਣ ਦੀ ਘੰਟੀ ਖੜਕ ਸਕਦੀ ਹੈ। ਭਾਜਪਾ ਸਮੇਤ ਅਕਾਲੀ ਦਲ (ਬ) ਵਿਰੋਧੀ ਅਕਾਲੀ ਧੜੇ ਖ਼ਾਸਕਰ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਬਣੇ ਅਕਾਲੀ ਦਲ (ਡੈਮੋਕ੍ਰੈਟਿਕ) ਵਲੋਂ 2021 ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਚੋਣ ਕਰਵਾਏ ਜਾਣ ਲਈ ਕਿਹਾ ਜਾਂਦਾ ਰਿਹਾ ਹੈ।


Share