ਜਸਟਿਸ ਐਮੀ ਕੋਨੀ ਬੈਰੇਟ ਨੇ ਸੁਪਰੀਮ ਕੋਰਟ ਦੇ 115ਵੇਂ ਜਸਟਿਸ ਵਜੋਂ ਚੁੱਕੀ ਸਹੁੰ

307
Share

ਵਾਸ਼ਿੰਗਟਨ, 28 ਅਕਤੂਬਰ (ਪੰਜਾਬ ਮੇਲ)- ਕੰਜ਼ਰਵੇਟਿਵ ਜਸਟਿਸ ਐਮੀ ਕੋਨੀ ਬੈਰੇਟ ਨੇ ਸੁਪਰੀਮ ਕੋਰਟ ਦੇ 115ਵੇਂ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੇ ਸਦਨ ਸੈਨੇਟ ਨੇ 48 ਦੇ ਮੁਕਾਬਲੇ 52 ਵੋਟਾਂ ਦੇ ਕੇ ਬੈਰੇਟ ਦੇ ਨਾਂਅ ਦੀ ਜਸਟਿਸ ਵਜੋਂ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਸੀ। ਜਸਟਿਸ ਕਲੈਰੇਂਸ ਥਾਮਸ ਨੇ ਵ੍ਹਾਈਟ ਹਾਊਸ ‘ਚ ਕਰਵਾਏ ਸਮਾਗਮ ਦੌਰਾਨ ਬੈਰੇਟ (48) ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਦੌਰਾਨ ਰਾਸ਼ਟਰਪਤੀ ਟਰੰਪ ਵੀ ਮੌਜੂਦ ਸਨ। ਸਹੁੰ ਚੁੱਕਣ ਮਗਰੋਂ ਜਸਟਿਸ ਬੈਰੇਟ ਨੇ ਕਿਹਾ ਕਿ ਉਹ ਸੱਚੇ ਦਿਲੋਂ ਸਨਮਾਨਿਤ ਮਹਿਸੂਸ ਕਰ ਰਹੀ ਹੈ। ਬੈਰੇਟ ਨੂੰ ਨਾਮਜ਼ਦ ਕਰਨ ਬਾਰੇ ਟਰੰਪ ਨੇ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਸਿਆਣੇ ਕਾਨੂੰਨੀ ਮਾਹਿਰਾਂ ਵਿਚੋਂ ਇੱਕ ਮੰਨੇ ਜਾਂਦੇ ਹਨ ਅਤੇ ਉਹ ਦੇਸ਼ ਦੀ ਸਰਵਉੱਚ ਅਦਾਲਤ ਲਈ ਵਧੀਆ ਜਸਟਿਸ ਸਾਬਤ ਹੋਣਗੇ। ਉਧਰ, ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਨੇ ਕਿਹਾ ਕਿ ਜਸਟਿਸ ਬੈਰੇਟ ਦੇ ਨਾਂਅ ਦੀ ਪੁਸ਼ਟੀ ਤਿੰਨ ਨਵੰਬਰ ਨੂੰ ਚੋਣ ਜਿੱਤਣ ਵਾਲੇ ਉਮੀਦਵਾਰ ਵੱਲੋਂ ਕੀਤੀ ਜਾਣੀ ਚਾਹੀਦੀ ਸੀ।


Share