ਜਸਟਿਨ ਟਰੂਡੋ ਦੇ ਮੰਤਰੀ ਮੰਡਲ ’ਚੋਂ ਘਟੀ ਸਿੱਖ ਮੰਤਰੀਆਂ ਦੀ ਗਿਣਤੀ!

378
Share

ਟੋਰਾਂਟੋ, 10 ਮਾਰਚ (ਪੰਜਾਬ ਮੇਲ)-ਨਵੰਬਰ 2015 ’ਚ ਵੱਡੀ ਸੰਸਦੀ ਜਿੱਤ ਤੋਂ ਬਾਅਦ ਸਰਕਾਰ ਬਣਾ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਰਚ 2016 ’ਚ ਬੜੇ ਰੋਅਬ ਨਾਲ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਮੰਤਰੀ ਮੰਡਲ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਸਿੱਖ ਮੰਤਰੀ (ਨਵਦੀਪ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ ਤੇ ਬਰਦੀਸ਼ ਚੱਗਰ) ਹਨ। ਟਰੂਡੋ ਦਾ ਉਹ ਦਾਅਵਾ ਹੁਣ 2021 ’ਚ ਡਗਮਗਾਉਂਦਾ ਨਜ਼ਰ ਆ ਰਿਹਾ ਹੈ। 2019 ’ਚ ਆਪਣੇ ਸੰਸਦੀ ਹਲਕੇ ਤੋਂ ਚੋਣ ਹਾਰਨ ਤੋਂ ਬਾਅਦ ਅਮਰਜੀਤ ਸੋਹੀ ਦੁਬਾਰਾ ਮੰਤਰੀ ਨਾ ਬਣ ਸਕੇ ਤੇ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਸਿੱਖ ਸੰਸਦ ਮੈਂਬਰ ਨੂੰ ਵੀ ਮੰਤਰੀ ਨਾ ਬਣਾਇਆ ਗਿਆ।
ਬੀਤੇ ਜਨਵਰੀ ਮਹੀਨੇ ਦੇ ਦੂਸਰੇ ਹਫਤੇ ਟਰੂਡੋ ਦੇ ਸ਼ਕਤੀਸ਼ਾਲੀ ਮੰਤਰੀ ਨਵਦੀਪ ਬੈਂਸ ਨੇ ਆਪਣੇ ਪਰਿਵਾਰਕ ਕਾਰਨਾਂ ਕਰਕੇ ਅਚਾਨਕ ਅਸਤੀਫਾ ਦੇ ਦਿੱਤਾ ਤੇ ਅਗਲੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਟਰੂਡੋ ਮੰਤਰੀ ਮੰਡਲ ’ਚ ਸਿੱਖ ਭਾਈਚਾਰੇ ਨਾਲ਼ ਸਬੰਧਿਤ ਹਰਜੀਤ ਸਿੰਘ ਸੱਜਣ ਤੇ ਬਰਦੀਸ਼ (ਕੌਰ) ਚੱਗਰ ਹੀ ਮੰਤਰੀ ਰਹਿ ਗਏ। ਸੋਹੀ ਤੇ ਸ. ਬੈਂਸ ਦੀ ਜਗ੍ਹਾ ਜਸਟਿਨ ਟਰੂਡੋ ਨੇ ਉਨ੍ਹਾਂ ਸਿੱਖ ਸੰਸਦ ਮੈਂਬਰਾਂ ’ਚੋਂ ਕਿਸੇ ਨੂੰ ਵੀ ਮੰਤਰੀ ਨਾ ਬਣਾਇਆ। ਇਸ ਦੇ ਉਲਟ ਬੀਤੇ ਕੁਝ ਸਮੇਂ ਤੋਂ ਟਰੂਡੋ ਸਰਕਾਰ ’ਚ ਭਾਰਤੀ ਮੂਲ ਦੀ ਕੈਬਨਿਟ ਮੰਤਰੀ ਅਨੀਤਾ ਆਨੰਦ ਦੇ ਲਗਾਤਾਰ ਵਧ ਰਹੇ ਮਹੱਤਵ ਅਤੇ ਪ੍ਰਭਾਵ ਦੀ ਚਰਚਾ ਛਿੜਦੀ ਰਹਿੰਦੀ ਹੈ। ਬੀਤੇ ਮਹੀਨੇ ਬਰੈਂਪਟਨ ਸੈਂਟਰ ਤੋਂ ਸੰਸਦ ਮੈਂਬਰ ਰਮੇਸ਼ ਸੰਘਾ ਆਪਣੇ ਸਾਥੀ ਸਿੱਖ ਸੰਸਦ ਮੈਂਬਰਾਂ ਉਪਰ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਗਾ ਕੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਸੰਸਦੀ ਦਲ ’ਚ ਅਲੱਗ (ਆਜ਼ਾਦ) ਹੋ ਚੁੱਕੇ ਹਨ।
ਸਿਆਸੀ ਮਾਹਿਰ ਮੰਨਣ ਲੱਗੇ ਹਨ ਕਿ ਹੁਣ ਟਰੂਡੋ ਕੈਬਨਿਟ ’ਚ ਸ. ਸੱਜਣ ਦੇ ਗਿਣਤੀ ਦੇ ਦਿਨ ਹੋ ਸਕਦੇ ਹਨ। ਫੌਜ ਦੇ ਸਾਬਕਾ ਲੋਕਪਾਲ ਗੈਰੀ ਵਾਲਬਰਨ ਨੇ ਸਾਬਕਾ ਫੌਜ ਮੁਖੀ ਜੋਨਾਥਨ ਵੈਂਸ ਉਪਰ ਇਕ ਫੌਜੀ ਔਰਤ ਅਧਿਕਾਰੀ ਨਾਲ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਬਾਰੇ ਹਾਊਸ-ਆਫ-ਕਾਮਨਜ਼ (ਲੋਕ ਸਭਾ) ਦੀ ਰੱਖਿਆ ਮਾਮਲਿਆਂ ਬਾਰੇ ਸੰਸਦੀ ਕਮੇਟੀ ਕੋਲ਼ ਆਪਣਾ ਬਿਆਨ ਦਰਜ ਕਰਵਾਉਂਦਿਆਂ ਆਖਿਆ ਕਿ ਇਸ ਬਾਰੇ 1 ਮਾਰਚ 2018 ਨੂੰ ਸ. ਸੱਜਣ ਨੂੰ ਦੱਸਿਆ ਸੀ ਤੇ ਸਬੂਤ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ (ਸੱਜਣ) ਨੇ ਸਬੂਤ ਦੇਖਣ ਤੋਂ ਨਾਂਹ ਕਰ ਦਿੱਤੀ।

Share