ਜਸਕਰਨ ਸਿੰਘ ਤੇ ਜੋਧਵੀਰ ਧਾਲੀਵਾਲ ਖ਼ਿਲਾਫ਼ ਕਾਨੂੰਨੀ ਕਾਰਵਾਈ

502
Share

ਟੋਰਾਂਟੋ, 13 ਮਾਰਚ (ਪੰਜਾਬ ਮੇਲ)- -ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਲੰਘੀ 28 ਫਰਵਰੀ ਨੂੰ ਭਾਰਤ ਪੱਖੀ ਰੈਲੀ ਦਾ ਵਿਰੋਧ ਕਰਨ ਪੁੱਜੇ ਤੇ ਰੈਲੀ ਕਰਨ ਵਾਲੇ ਕੁਝ ਲੋਕਾਂ ਵਿਚਾਲੇ ਲੜਾਈ ਰੂਪੀ ਤਕਰਾਰ ਦੀਆਂ ਘਟਨਾਵਾਂ ਦੀ ਜਾਂਚ ਮਗਰੋਂ ਪੁਲਿਸ ਨੇ ਦੋ ਸ਼ੱਕੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਇਨ੍ਹਾਂ ਘਟਨਾਵਾਂ ਦੀਆਂ ਵੀਡੀਓ ਕਲਿਪ ਸ਼ੋਸ਼ਲ ਮੀਡੀਆ ‘ਚ ਚਰਚਿਤ ਰਹੀਆਂ ਹਨ ਤੇ ਪੁਲਿਸ ਨੇ ਵੀ ਆਪਣੀ ਜਾਂਚ ‘ਚ ਇਨ੍ਹਾਂ ਕਲਿਪਾਂ ਨੂੰ ਸ਼ਾਮਿਲ ਕੀਤਾ ਹੈ ਜਿਸ ‘ਚ ਭਾਰਤ ਦੇ ਰਾਸ਼ਟਰੀ ਝੰਡੇ ਦੇ ਅਪਮਾਨ ਦਾ ਦਿ੍ਸ਼ ਵੀ ਸ਼ਾਮਿਲ ਹੈ | ਚਿੰਤਕਾਂ ਵਲੋਂ ਇਸ ਰੈਲੀ ਨੂੰ ਕੱਢਣ ਵਾਲੇ ਤੇ ਵਿਰੋਧ ਕਰਨ ਵਾਲੇ ਵਿਅਕਤੀ ਦੋ ਵੱਖ-ਵੱਖ ਭਾਈਚਾਰਿਆਂ ਦੇ ਹੋਣ ਕਾਰਨ ਇਸ ਨੂੰ ਕੈਨੇਡਾ ‘ਚ ਹਿੰਦੂ-ਸਿੱਖ ਏਕਤਾ ਅਤੇ ਭਾਈਚਾਰਕ ਏਕਤਾ ‘ਚ ਦੁਫਾੜ ਵਧਾਉਣ ਦੀ ਸਾਜਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਟੋਰਾਂਟੋ ਵਾਸੀ ਜਸਕਰਨ ਸਿੰਘ (27) ਵਿਰੁੱਧ ਬਰੈਂਪਟਨ ‘ਚ ਰੈਲੀ ਦੌਰਾਨ ਇਕ ਔਰਤ ਉਪਰ ਹਮਲਾ ਕਰਨ ਦਾ ਕੇਸ ਦਰਜ ਕੀਤਾ ਗਿਆ ਤੇ ਬੀਤੇ ਕੱਲ੍ਹ ਬਰੈਂਪਟਨ ਨੇੜੇ ਕੈਲੇਡਨ ਕਸਬੇ ਦੇ ਵਾਸੀ ਜੋਧਵੀਰ ਧਾਲੀਵਾਲ (30) ਨੂੰ ਵੀ ਚਾਰਜ ਕੀਤਾ ਗਿਆ ਹੈ, ਜਿਸ ਉਪਰ ਇਕ ਵਿਖਾਵਾਕਰੀ ਨੂੰ ਧੱਕਾ ਮਾਰਨ ਦਾ ਵੀਡੀਓ ਸਾਹਮਣੇ ਆਇਆ ਸੀ | ਜੋਧਵੀਰ ਦੀ ਬਹੁਤੀ ਚਰਚਾ ਇਸ ਕਰਕੇ ਵੀ ਹੋਈ ਹੈ ਕਿਉਂਕਿ ਉਹ ਕੈਨੇਡਾ ‘ਚ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਦਾ ਸਾਂਢੂ ਹੈ |


Share