ਜਲੰਧਰ ‘ਚ ਕੋਰੋਨਾ ਬਲਾਸਟ, 32 ਨਵੇਂ ਪਾਜ਼ੇਟਿਵ ਕੇਸ ਆਏ

642
Share

ਜਲੰਧਰ, 15 ਜੂਨ (ਪੰਜਾਬ ਮੇਲ)-ਵਿਸ਼ਵ ਭਰ ‘ਚ ਫੈਲਿਆ ਕੋਰੋਨਾ ਵਾਇਰਸ ਜ਼ਿਲ੍ਹੇ ‘ਚ ਹੁਣ ਪੂਰੀ ਤਰ੍ਹਾਂ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ। ਮੰਗਲਵਾਰ ਨੂੰ ਜਲੰਧਰ ‘ਚ ਕੋਰੋਨਾ ਦਾ ਜ਼ਬਰਦਸਤ ਬਲਾਸਟ ਹੋਇਆ ਹੈ। ਅੱਜ ਦੁਪਿਹਰ ਤੱਕ 32 ਨਵੇਂ ਪਾਜ਼ੇਟਿਵ ਕੇਸ ਮਿਲਣ ਨਾਲ ਰੋਗੀਆਂ ਦੀ ਕੁੱਲ ਗਿਣਤੀ 385 ‘ਤੇ ਪਹੁੰਚ ਗਈ ਹੈ ਜਦੋਕਿ ਅੱਜ ਮਿਲੇ 32 ਕੇਸਾਂ ‘ਚੋਂ 2 ਕੇਸ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੇ ਸਿਰਫ 16 ਦਿਨਾਂ ‘ਚ 130 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ ਅਤੇ 5 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ।

ਜਲੰਧਰ ‘ਚ ਕੋਰੋਨਾ ਵਾਇਰਸ ਦੇ ਕਾਰਨ ਇਕ ਹੋਰ ਮਰੀਜ਼ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਰੋਜ਼ ਗਾਰਡਨ ਦਿਲਬਾਗ ਨਗਰ ਐਕਸਟੈਨਸ਼ਨ ਦੀ ਰਹਿਣ ਵਾਲੀ 65 ਸਾਲਾ ਔਰਤ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਉਕਤ ਮਹਿਲਾ ਆਈ. ਐੱਮ. ਏ. ਵੱਲੋਂ ਸ਼ਾਹਕੋਟ ‘ਚ ਚਲਾਏ ਜਾ ਰਹੇ ਹਸਪਤਾਲ ‘ਚ ਇਲਾਜ ਅਧੀਨ ਸੀ। ਇਥੇ ਦੱਸ ਦੇਈਏ ਕਿ ਇਸ ਦੇ ਪਤੀ ਅਤੇ ਬੇਟੇ ਦੀ ਰਿਪੋਰਟ ਦੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਮ੍ਰਿਤਕ ਮਹਿਲਾ ਦਾ ਬੇਟਾ ਵਕੀਲ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਤਹਿਸੀਲ ‘ਚ ਰਜਿਸਟਰੀ ਕਰਵਾਉਣ ਗਿਆ ਸੀ ਤਾਂ ਉਸ ਸਮੇਂ ਵੀ ਇਸ ਦੇ ਪਾਜ਼ੇਟਿਵ ਆਉਣ ‘ਤੇ ਲੋਕਾਂ ਵਿਚਾਲੇ ਬੇਹੱਦ ਚਰਚਾ ਛਿੜੀ ਸੀ ਕਿ ਉਕਤ ਪਾਜ਼ੇਟਿਵ ਮਰੀਜ਼ ਤਹਿਸੀਲ ‘ਚ ਘੁੰਮਦਾ ਰਿਹਾ ਸੀ। ਜਿਹੜੇ ਲੋਕਾਂ ਨੂੰ ਉਕਤ ਵਿਅਕਤੀ ਮਿਲਿਆ ਸੀ, ਉਨ੍ਹਾਂ ‘ਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਜਲੰਧਰ ‘ਚ ਕੋਰੋਨਾ ਕਾਰਨ ਹੋਈ ਜਨਾਨੀ ਦੀ ਮੌਤ ਨੂੰ ਲੈ ਕੇ ਕੁੱਲ ਮੌਤਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ ਅਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 385 ਤੱਕ ਪਹੁੰਚ ਚੁੱਕਾ ਹੈ।


Share