ਜਲੰਧਰ ‘ਚ ਕੋਰੋਨਾਵਾਇਰਸ ਦੇ 5 ਸ਼ੱਕੀ ਮਰੀਜ਼ ਸਿਵਲ ਹਸਪਤਾਲ ‘ਚ ਦਾਖਲ

802

ਜਲੰਧਰ, 25 ਮਾਰਚ (ਪੰਜਾਬ ਮੇਲ)- ਵਿਸ਼ਵ ਭਰ ਦੇ ਕਈ ਦੇਸ਼ਾਂ ‘ਚ ਫੈਲ ਚੁੱਕੇ ਕੋਰੋਨਾਵਾਇਰਸ ਦੇ ਜ਼ਿਲ੍ਹਾ ਜਲੰਧਰ ‘ਚ ਵੀ 3 ਕਨਫਰਮ ਮਰੀਜ਼ ਮਿਲਣ ਤੋਂ ਬਾਅਦ ਤੇ ਮੰਗਲਵਾਰ ਨੂੰ ਸਿਵਲ ਹਸਪਤਾਲ ‘ਚ ਕੋਰੋਨਾ ਦੇ 5 ਸ਼ੱਕੀ ਮਰੀਜ਼ ਦਾਖਲ ਹੋਣ ਕਰਕੇ ਜਿੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ ਉਡ ਗਈ ਹੈ, ਉਥੇ ਉਨ੍ਹਾਂ ਦੀ ਕਾਰਜਪ੍ਰਣਾਲੀ ‘ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ ਜਿਨ੍ਹਾਂ 3 ਮਰੀਜ਼ਾਂ ਦੀ ਰਿਪੋਰਟ ਵਿਭਾਗ ਨੂੰ ਪਾਜ਼ੀਟਿਵ ਮਿਲੀ ਹੈ, ਉਹ ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਫਿਲੌਰ ‘ਚ ਦਾਖਲ ਸਨ ਤੇ ਇਹ ਉਹ ਮਰੀਜ਼ ਹਨ, ਜੋ ਨਵਾਂਸ਼ਹਿਰ ਦੇ ਇਕ ਅਜਿਹੇ ਮਰੀਜ਼ ਦੇ ਸੰਪਰਕ ‘ਚ ਆਏ ਸਨ, ਜਿਸ ਦੀ ਮੌਤ ਹੋਣ ਤੋਂ ਬਾਅਦ ਉਸਨੂੰ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਗਈ ਸੀ। ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਜੋ ਸਿਵਲ ਹਸਪਤਾਲ ‘ਚ ਦਾਖਲ ਹੋਏ ਹਨ, ਉਨ੍ਹਾਂ ‘ਚੋਂ ਚਾਰ ਅਜਿਹੇ ਹਨ, ਜੋ ਨਵਾਂਸ਼ਹਿਰ ਦੇ ਉਸੇ ਮ੍ਰਿਤਕ ਨਾਲ ਸੰਪਰਕ ‘ਚ ਆਏ ਸਨ, ਜਦਕਿ 5ਵਾਂ ਮਰੀਜ਼ ਦੁਬਈ ਤੋਂ ਆਇਆ ਹੋਇਆ ਹੈ। ਵਿਭਾਗ ‘ਚ ਇਨ੍ਹਾਂ ਪੰਜਾਂ ਰੋਗੀਆਂ ਦੇ ਸੈਂਪਲ ਲੈ ਕੇ ਕੋਰੋਨਾਵਾਇਰਸ ਦੀ ਪੁਸ਼ਟੀ ਲਈ ਲੈਬੋਰਟਰੀ ‘ਚ ਭੇਜ ਦਿੱਤੇ ਗਏ ਹਨ।