ਜਲਦਬਾਜ਼ੀ ‘ਚ ਲੌਕਡਾਊਨ ਹਟਾਉਣ ਦੇ ਹੋ ਸਕਦੇ ਨੇ ਮਾੜੇ ਨਤੀਜੇ : ਡਬਲਿਯੂ.ਐੱਚ.ਓ. ਦੀ ਚਿਤਾਵਨੀ

849

ਵਾਇਰਸ ਦੀ ਵੈਕਸੀਨ ਮਿਲਣ ਤੱਕ ਕਰਨਾ ਪੈ ਸਕਦੈ ਲੌਕਡਾਊਨ!
ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਬਹੁਤ ਸਾਰੇ ਦੇਸ਼ਾਂ ‘ਚ ਲਾਗੂ ਲੌਕਡਾਊਨ ਨੂੰ ਹਟਾਉਣ ਜਾਂ ਵਧਾਉਣ ਦੀ ਜ਼ਰੂਰਤ ‘ਤੇ ਚਰਚਾ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਨੇ ਚਿਤਾਵਨੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਨੂੰ ਜ਼ਲਦਬਾਜ਼ੀ ‘ਚ ਹਟਾਉਣ ਦੇ ਮਾੜੇ ਨਤੀਜੇ ਹੋ ਸਕਦੇ ਹਨ।
ਡਬਲਿਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਗੈਬ੍ਰੇਸੀਅਸ ਨੇ ਕਿਹਾ ਕਿ ਕੁਝ ਦੇਸ਼ ਇਸ ਪਾਬੰਦੀ ‘ਚ ਢਿੱਲ ਦੇਣ ਦੀ ਯੋਜਨਾ ਬਣਾ ਰਹੇ ਹਨ। ਪਾਬੰਦੀਆਂ ਨੂੰ ਇਕੱਠੇ ਹਟਾਉਣ ਨਾਲ ਇਹ ਮਹਾਂਮਾਰੀ ਫਿਰ ਫੈਲ ਸਕਦੀ ਹੈ।
ਚੀਨ ‘ਚ ਇੱਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਵਾਇਰਸ ਦੀ ਵੈਕਸੀਨ ਮਿਲਣ ਤੱਕ ਲੌਕਡਾਊਨ ਨੂੰ ਨਹੀਂ ਹਟਾਇਆ ਜਾਣਾ ਚਾਹੀਦਾ। ਲੈਂਸੇਟ ਜਰਨਲ ‘ਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਬਗੈਰ ਪੂਰੀ ਤਿਆਰੀ ਕੀਤੇ ਪਾਬੰਦੀਆਂ ਹਟਾਉਣਾ ਨਵੇਂ ਸਿਰੇ ਤੋਂ ਵਾਇਰਸ ਦਾ ਤੂਫ਼ਾਨ ਲਿਆ ਸਕਦਾ ਹੈ।
ਉੱਥੇ ਹੀ ਵਿਸ਼ਵ ਬੈਂਕ ਨੇ ਐਤਵਾਰ ਨੂੰ ਕਿਹਾ, ”ਘਰ ਪਰਤ ਰਹੇ ਪ੍ਰਵਾਸੀ ਕਾਮੇ ਗ਼ੈਰ-ਪ੍ਰਭਾਵਿਤ ਸੂਬਿਆਂ ਵਿਚ ਖ਼ਤਰਾ ਵਧਾ ਸਕਦੇ ਹਨ। ਆਪਣੀ ਦੂਜੀ ਸਾਲਾਨਾ ਰਿਪੋਰਟ ‘ਚ ਵਿਸ਼ਵ ਬੈਂਕ ਨੇ ਕਿਹਾ ਕਿ ਸ਼ੁਰੂਆਤੀ ਨਤੀਜੇ ਵਿਖਾਉਂਦੇ ਹਨ ਕਿ ਭਾਰਤ ਦੇ ਜਿਨ੍ਹਾਂ ਇਲਾਕਿਆਂ ‘ਚ ਇਹ ਲੋਕ ਪਰਤ ਰਹੇ ਹਨ, ਉੱਥੇ ਕੋਰੋਨਾ-19 ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੱਖਣ ਏਸ਼ੀਆ ‘ਚ ਵਾਇਰਸ ਰੋਕਣਾ ਵੱਡੀ ਚੁਣੌਤੀ ਹੈ।”
ਕੇਂਦਰ ਸਰਕਾਰ ਭਾਰਤ ਵਿਚ ਲਾਗ ਨੂੰ ਤੀਜੀ ਸਟੇਜ਼ ਤੱਕ ਪਹੁੰਚਣ ਤੋਂ ਰੋਕਣ ਲਈ ਲੌਕਡਾਊਨ ਦੌਰਾਨ ਦੇਸ਼ ਭਰ ‘ਚ ਹੌਟ-ਸਪੌਟ ਇਲਾਕਿਆਂ ਦੀ ਪਛਾਣ ਕਰ ਰਹੀ ਹੈ। ਇਨ੍ਹਾਂ ਖੇਤਰਾਂ ਨੂੰ ਸੀਲ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਜਾਂਚ ਕੀਤੀ ਜਾ ਰਹੀ ਹੈ। ਅਪ੍ਰੈਲ ਦਾ ਦੂਜਾ ਪੰਦਰਵਾੜਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਤੋਂ ਰੋਕਣ ਲਈ ਮਹੱਤਵਪੂਰਣ ਹੈ। ਕੇਂਦਰ ਤੇ ਸੂਬਾ ਸਰਕਾਰਾਂ ਸਖ਼ਤੀ ਨਾਲ ਕੰਮ ਕਰਨਗੀਆਂ।