ਜਰਮਨ ਦੇ ਸਿੱਖਾਂ ਤੇ ਕਸ਼ਮੀਰੀਆਂ ਵਲੋਂ ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਭਾਰੀ ਰੋਹ ਮੁਜ਼ਾਹਰਾ

394
ਜਰਮਨ ਦੇ ਸਿੱਖ ਤੇ ਕਸ਼ਮੀਰੀ ਭਾਈਚਾਰੇ ਦੇ ਲੋਕ ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਰੋਸ ਮੁਜ਼ਾਹਰਾ ਕਰਦੇ ਹੋਏ।
Share

ਫਰੈਂਕਫਰਟ, (ਪੰਜਾਬ ਮੇਲ)-15 ਅਗਸਤ ਨੂੰ ਭਾਰਤ ਦੀ ਅਖੌਤੀ ਆਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਨ ਦੇ ਤੌਰ ‘ਤੇ ਮਨਾਉਂਦਿਆਂ ਜਰਮਨ ਦੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਮਿਲ ਕੇ ਭਾਰਤੀ ਕੌਂਸਲੇਟ ਫਰੈਂਕਫਰਟ ਦੇ ਅੱਗੇ ਭਾਰੀ ਰੋਹ ਮੁਜ਼ਾਹਰਾ ਕੀਤਾ ਗਿਆ। ਇਸ ਰੋਹ ਮੁਜ਼ਾਹਰੇ ‘ਚ ਭਰਵੀਂ ਗਿਣਤੀ ‘ਚ ਆਜ਼ਾਦੀ ਪਸੰਦ ਸਿੱਖਾਂ ਅਤੇ ਕਸ਼ਮੀਰੀਆਂ ਨੇ ਹਿੱਸਾ ਲਿਆ।
ਫਰੈਂਕਫਰਟ ਦੇ ਮੇਨ ਸਟੇਸ਼ਨ ਤੋਂ ਮਾਰਚ ਰੂਪ ‘ਚ ਸ਼ੁਰੂ ਹੋ ਕੇ ਮੁਜ਼ਾਹਰਾਕਾਰੀ ਭਾਰਤੀ ਕੌਂਸਲੇਟ ਫਰੈਂਕਫਰਟ ਵੱਲ ਰਵਾਨਾ ਹੋਏ। ਮਾਰਚ ਦੌਰਾਨ ਕਸ਼ਮੀਰ ਅਤੇ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸਨ ਤੇ ਭਾਰਤ ਵਿਰੋਧੀ ਨਾਹਰੇ ਅਤੇ ਪੰਜਾਬ ਦੀ ਅਤੇ ਕਸ਼ਮੀਰ ਦੀ ਅਜ਼ਾਦੀ ਦੇ ਹੱਕ ਵਿਚ ਨਾਹਰੇ ਲਗਾਏ ਜਾ ਰਹੇ ਸਨ।
ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਰੋਹ ਮੁਜ਼ਾਹਰੇ ਨੂੰ ਵੱਖ-ਵੱਖ ਸਿੱਖ ਅਤੇ ਕਸ਼ਮੀਰੀ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਅਤੇ ਭਾਰਤ ਦੇ ਘੱਟ ਗਿਣਤੀ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਗਿਆ। ਖਾਲਿਸਤਾਨੀ ਆਗੂ ਤੇ ਵਰਲੱਡ ਸਿੱਖ ਪਾਰਲੀਮੈਂਟ ਦੇ ਕੋ-ਕੁਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਇਸ ਮੌਕੇ ‘ਤੇ ਬੋਲਦਿਆਂ ਭਾਰਤ ਸਰਕਾਰ ਵੱਲੋਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਬਣਾਏ ਗਏ ਯੂਆਪਾ ਵਰਗੇ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੀ ਹਿੰਦੂਵਾਦੀ ਸਰਕਾਰ ਜਿੰਨੇ ਮਰਜ਼ੀ ਜ਼ੁਲਮ ਕਰ ਲਵੇ ਤੇ ਕਾਲੇ ਕਾਨੂੰਨ ਬਣਾ ਲਵੇ, ਸਿੱਖ ਆਪਣੀ ਆਜ਼ਾਦੀ ਦੀ ਪ੍ਰਾਪਤੀ ਤੱਕ ਲੜਾਈ ਜਾਰੀ ਰੱਖਣਗੇ। ਭਾਰਤ ਅੰਦਰ ਨਾ ਸਿਰਫ ਵਸਦੇ ਸਿੱਖ ਬਲਕਿ ਕਸ਼ਮੀਰੀ, ਮੁਸਲਮਾਨ ਅਤੇ ਦਲਿਤ ਵੀ ਭਾਰਤ ਸਰਕਾਰ ਦੀਆਂ ਹਿੰਦੂਵਾਦੀ ਨੀਤੀਆਂ ਤੋਂ ਤੰਗ ਹਨ ਤੇ ਮੌਜੂਦਾ ਹਿੰਦੂਵਾਦੀ ਸਰਕਾਰ ਦੀਆਂ ਘੱਟ ਗਿਣਤੀ ਵਿਰੋਧੀ ਨੀਤੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨੰਗਾ ਕੀਤਾ ਜਾਂਦਾ ਰਹੇਗਾ।
ਇਸ ਮੌਕੇ ਕਸ਼ਮੀਰੀ ਆਗੂਆਂ ਨੇ ਬੋਲਦਿਆਂ ਭਾਰਤ ਵੱਲੋਂ 5 ਅਗਸਤ 2019 ਨੂੰ ਕਸ਼ਮੀਰੀਆਂ ਉੱਤੇ ਜ਼ੁਲਮ ਦੀ ਇੰਤਹਾ ਬਾਰੇ ਬੋਲਦਿਆਂ ਭਾਰਤੀ ਕਬਜ਼ੇ ਹੇਠਲੇ ਕਸ਼ਮੀਰੀਆਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਕਿ ਚਾਹੇ ਕਿ ਭਾਰਤ ਸਰਕਾਰ ਜ਼ੁਲਮ ਕਰਕੇ ਕਸ਼ਮੀਰੀਆਂ ਦਾ ਆਵਾਜ਼ ਦਬਾ ਦੇਣਾ ਚਾਹੁੰਦੀ ਹੈ ਪਰ ਵਿਦੇਸ਼ਾਂ ਵਿਚ ਬੈਠੇ ਕਸ਼ਮੀਰੀ ਆਪਣੇ ਭਰਾਵਾਂ ਦਾ ਆਜ਼ਾਦੀ ਦੀ ਪ੍ਰਾਪਤੀ ਤੱਕ ਸਾਥ ਦੇਣਗੇ ਅਤੇ ਉਨ੍ਹਾਂ ਦੀ ਆਵਾਜ਼ ਪੂਰੀ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣਗੇ।
ਵੱਖ-ਵੱਖ ਆਗੂਆਂ ਨੇ ਇਸ ਮੌਕੇ ‘ਤੇ ਬੋਲਦਿਆਂ ਭਾਰਤ ਦੀ ਮੌਜੂਦਾ ਹਿੰਦੁਤਵੀ ਸਰਕਾਰ ਦੀ ਨਿੰਦਾ ਕੀਤੀ, ਬਲਕਿ ਭਾਰਤ ਨੂੰ ਇੱਕ ਅੱਤਵਾਦੀ ਮੁਲਕ ਵੀ ਐਲਾਨਿਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਘੱਟਗਿਣਤੀਆਂ ਦਾ ਘਾਣ ਕਰਨ ਵਾਲੇ ਮੁਲਕ ਭਾਰਤ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।
ਰੋਹ ਮੁਜ਼ਾਹਰੇ ਦੌਰਾਨ ਸਾਰਾ ਸਮਾਂ ਖਾਲਿਸਤਾਨ ਪੱਖੀ, ਸਿੱਖ ਸ਼ਹੀਦਾਂ ਬਾਰੇ ਅਤੇ ਕਸ਼ਮੀਰ ਦੀ ਅਜ਼ਾਦੀ ਦੀ ਗੱਲ ਕਰਦੇ ਨਾਅਰੇ ਲਗਾਤਾਰ ਵੱਜਦੇ ਰਹੇ ਤੇ ਖਾਲਿਸਤਾਨੀ ਤੇ ਕਸ਼ਮੀਰੀ ਝੰਡੇ ਲਹਿਰਾਏ ਗਏ।
ਇਸ ਮੁਜ਼ਾਹਰੇ ਵਿਚ ਸ਼ਮੂਲੀਅਤ ਕਰਨ ਵਾਲਿਆਂ ‘ਚ ਭਾਈ ਗੁਰਪਾਲ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਅਜੈਪਾਲ ਸਿੰਘ, ਭਾਈ ਗੁਰਮੀਤ ਸਿੰਘ ਬੱਗਾ, ਭਾਈ ਜਸਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਨਡਾਲੋ, ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ, ਕਸ਼ਮੀਰ ਕੌਂਸਲ ਜਰਮਨੀ, ਹਨੀਫ ਮੁਹੰਮਦ ਚੌਹਾਨ, ਪਾਕਿ ਈ.ਯੂ. ਫੈਡਰੇਸ਼ਨ ਦੇ ਪ੍ਰਧਾਨ ਅਨਸਰ ਬੱਟ, ਪਾਕਿ ਈ.ਯੂ. ਫੈਡਰੇਸ਼ਨ ਯੂਰਪ ਦੇ ਪ੍ਰਧਾਨ ਪ੍ਰਵੇਜ ਇਕਬਾਲ ਲੂਛਰ ਤੇ ਅਕਰਮ ਅਲੀ ਨੇ ਅਪਣੇ ਵਿਚਾਰਾਂ ਦੀ ਸਾਂਝ ਪਾਈ। ਸਿੱਖ ਫਾਰ ਜਸਟਿਸ ਦੇ ਕਾਰਕੁੰਨਾਂ ਨੇ ਰਫੈਰੰਡਮ 2020 ਦਾ ਸਟਾਲ ਲਾ ਕੇ ਵੋਟਾਂ ਦੀ ਰਜਿਸਟ੍ਰੇਸ਼ਨ ਕਰਵਾਈ।


Share