ਜਰਖੜ ਹਾਕੀ ਲੀਗ;  ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ ਅਤੇ ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਕੋਚਿੰਗ ਸੈਂਟਰ ਰਾਮਪੁਰ ਸੈਮੀਫਾਈਨਲ ਵਿੱਚ ਪੁੱਜੇ  

637
Share

ਲੁਧਿਆਣਾ, 31 ਜੁਲਾਈ (ਪੰਜਾਬ ਮੇਲ)-ਜਰਖੜ ਹਾਕੀ ਅਕੈਡਮੀ ਵੱਲੋਂ  ਕੌਮੀ ਹਾਕੀ ਖਿਡਾਰੀ  ਧਰਮਿੰਦਰ  ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਦੇ ਆਖਰੀ  ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਗਿੱਲ ਸਪੋਰਟਸ ਕਲੱਬ ਧਮੋਟ ਜਦਕਿ  ਜੂਨੀਅਰ ਵਰਗ ਜਰਖੜ ਹਾਕੀ ਅਕੈਡਮੀ ਅਤੇ ਕੋਚਿੰਗ ਸੈਂਟਰ ਰਾਮਪੁਰ ਨੇ ਆਪੋ ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ  ।
ਜਰਖੜ ਸਟੇਡੀਅਮ ਵਿਖੇ ਚੱਲ ਰਹੀ ਇਸ ਹਫ਼ਤਾਵਰੀ ਲੀਗ ਦੇ ਆਖਰੀ  ਗੇੜ ਦੇ ਮੈਚਾਂ ਵਿੱਚ ਅੱਜ ਜੂਨੀਅਰ ਵਰਗ ਵਿਚ ਜਰਖੜ ਹਾਕੀ ਅਕੈਡਮੀ ਨੇ ਜਟਾਣਾ ਕੋਚਿੰਗ ਸੈਂਟਰ ਨਾਲ 3-3 ਗੋਲਾਂ ਦੀ ਬਰਾਬਰੀ ਤੇ ਖੇਡਦਿਆਂ ਪੈਨਲਟੀ ਸਟ੍ਰੋਕ ਵਿੱਚ 3-2  ਨਾਲ ਜਿੱਤ ਹਾਸਲ ਕੀਤੀ।  ਜਰਖੜ ਹਾਕੀ ਅਕੈਡਮੀ ਵੱਲੋਂ ਸੁਖਜੋਤ ਸਿੰਘ ਨੇ 2 ਮਾਨਵ ਨੇ 1 ਜਦਕਿ ਜਟਾਣਾ ਵੱਲੋਂ ਸਾਹਿਬਜੋਤ ਸਿੰਘ ਨੇ 2  ਅਤੇ ਜਸਕੀਰਤ ਸਿੰਘ ਨੇ 1 ਗੋਲ ਕੀਤਾ। ਪੈਨਲਟੀ ਸਟਰੋਕ ਵਿੱਚ ਜਰਖੜ ਅਕੈਡਮੀ  3-2 ਨਾਲ ਜੇਤੂ ਰਹੀ। ਅੱਜ ਦੇ ਦੂਸਰੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਰਾਮਪੁਰ ਕੋਚਿੰਗ ਸੈਂਟਰ ਨੇ ਘਵੱਦੀ ਸਕੂਲ ਨੂੰ 11-1ਗੋਲਾਂ ਨਾਲ ਹਰਾਇਆ ,ਜੇਤੂ ਟੀਮ ਵੱਲੋਂ ਨਵਜੋਤ ਨੇ 5 ਅਨਮੋਲਦੀਪ ਨੇ  4 ਅਤੇ ਆਕਾਸ਼ਦੀਪ ਨੇ 2 ਗੋਲ ਕੀਤੇ ਜਦਕਿ ਘਵੱਦੀ ਵੱਲੋਂ ਕਮਲ ਬੀਰ ਸਿੰਘ ਨੇ ਇਕੋ ਇਕ ਗੋਲ ਕੀਤਾ ।  ਸੀਨੀਅਰ ਵਰਗ ਵਿੱਚ ਅੱਜ ਕਿਲਾ ਰਾਏਪੁਰ ਨੇ ਰਾਮਪੁਰ ਕਲੱਬ ਨੂੰ 4-2  ਗੋਲਾਂ ਨਾਲ ਹਰਾਇਆ ਜਦਕਿ ਸੀਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿੱਚ ਗਿੱਲ ਕਲੱਬ ਧਮੋਟ ਅਤੇ  ਘਵੱਦੀ ਕਲੱਬ ਵਿਚਕਾਰ ਖੇਡਿਆ ਗਿਆ ਮੁਕਾਬਲਾ  4-4 ਗੋਲਾਂ ਤੇ ਬਰਾਬਰ ਰਿਹਾ ਪੈਨਲਟੀ ਸਟ੍ਰੋਕ ਵਿੱਚ ਗਿੱਲ ਕਲੱਬ ਧਮੋਟ  4-3 ਗੋਲਾਂ ਨਾਲ ਜੇਤੂ ਰਿਹਾ। ਇਸ ਮੈਚ ਦੀ ਸਮਾਪਤੀ ਨਾਲ ਹੀ ਸੀਨੀਅਰ ਵਰਗ ਵਿੱਚ ਦੋਵੇਂ ਟੀਮਾਂ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ।
ਅੱਜ ਦੇ ਮੈਚਾਂ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਜਰਖੜ ਹਾਕੀ ਅਕੈਡਮੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਸ਼ਾਹਪੁਰੀਆ ਨੇ  ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਛਾਣ ਕੀਤੀ।   ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ,ਗੁਰਵਿੰਦਰ ਸਿੰਘ ਕਿਲਾ ਰਾਏਪੁਰ, ਜਗਦੇਵ ਸਿੰਘ ਜਰਖੜ, ਕੁਲਵਿੰਦਰ ਸਿੰਘ ਟੋਨੀ, ਸੰਪੂਰਨ ਸਿੰਘ ਘਵੱਦੀ,  ਧਰਮਿੰਦਰ ਸਿੰਘ ਮਨੀ, ਰਵਿੰਦਰ ਸਿੰਘ ਕਾਲਾ ਘਵੱਦੀ, ਕੌਮੀ ਹਾਕੀ ਖਿਡਾਰੀ ਪਲਵਿੰਦਰ ਸਿੰਘ ਗੋਲੂ, ਗੁਰਸਤਿੰਦਰ ਸਿੰਘ ਪਰਗਟ, ਗੁਰਦੀਪ ਸਿੰਘ ਟੀਟੂ ਕਿਲਾ ਰਾਇਪੁਰ, ਰੁਪਿੰਦਰ ਸਿੰਘ ਗਿੱਲ , ਤਨਵੀਰ ਸਿੰਘ ਮੁੰਡੀ ,ਅਮਨਦੀਪ ਸਿੰਘ ਚਚਰਾੜੀ ਜਤਿੰਦਰਪਾਲ ਸਿੰਘ ਦੁਲੇਅ ਆਦਿ ਹੋਰ ਉੱਘੀਆ ਸ਼ਖ਼ਸੀਅਤਾਂ ਹਾਜ਼ਰ ਸਨ  ।  ਜਰਖੜ ਹਾਕੀ ਲੀਗ ਦੇ  ਅਗਲੇ ਗੇੜ ਦੇ ਮੁਕਾਬਲੇ  ਭਲਕੇ 1ਅਗਸਤ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ 10 ਵਜੇ ਤਕ   ਖੇਡੇ ਜਾਣਗੇ  ।

Share